ਇਸਲਾਮਾਬਾਦ, 28 ਅਗਸਤ
ਇਸਲਾਮਾਬਾਦ ਹਾਈ ਕੋਰਟ ਦਾ ਪੰਜ ਜੱਜਾਂ ਦਾ ਬੈਂਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਅਦਾਲਤ ਦੀ ਮਾਣਹਾਨੀ ਦੇ ਕੇਸ ਦੀ ਸੁਣਵਾਈ ਕਰੇਗਾ। ਦੱਸਣਯੋਗ ਹੈ ਕਿ ਇਮਰਾਨ ਖਾਨ ਨੇ ਇੱਥੇ ਇਕ ਰੈਲੀ ਵਿਚ ਮਹਿਲਾ ਜੱਜ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਮਰਾਨ ਖ਼ਿਲਾਫ਼ ਸੁਣਵਾਈ ਕਰਨ ਵਾਲੇ ਬੈਂਚ ਦੀ ਅਗਵਾਈ ਹਾਈ ਕੋਰਟ ਦੇ ਚੀਫ ਜਸਟਿਸ ਕਰਨਗੇ। ਇਸ ਤੋਂ ਪਹਿਲਾਂ ਇਹ ਕੇਸ ਤਿੰਨ ਜੱਜਾਂ ਦੇ ਬੈਂਚ ਵੱਲੋਂ ਸੁਣਿਆ ਜਾ ਰਿਹਾ ਸੀ। ਹਾਈ ਕੋਰਟ ਨੇ ਮੰਗਲਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਇਮਰਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ 31 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਸੀ। ਇਮਰਾਨ ਉਤੇ ਦੋਸ਼ ਹੈ ਕਿ ਉਨ੍ਹਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਜ਼ੇਬਾ ਚੌਧਰੀ ਨੂੰ ਟਿੱਪਣੀਆਂ ਕਰ ਕੇ ਧਮਕਾਇਆ ਹੈ। ਇਸ ਜੱਜ ਨੇ ਇਮਰਾਨ ਦੇ ਸਹਿਯੋਗੀ ਸ਼ਾਹਬਾਜ਼ ਗਿੱਲ ਦਾ ਪੁਲੀਸ ਨੂੰ ਦੋ ਦਿਨਾਂ ਦਾ ਰਿਮਾਂਡ ਦਿੱਤਾ ਸੀ। ਗਿੱਲ ਨੂੰ ਦੇਸ਼ਧ੍ਰੋਹ ਦੇ ਦੋਸ਼ਾਂ ਹੇਠ ਦੋ ਹਫ਼ਤੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਥੇ 20 ਅਗਸਤ ਨੂੰ ਹੋਈ ਇਕ ਰੈਲੀ ਵਿਚ ਇਮਰਾਨ ਨੇ ਧਮਕੀ ਦਿੱਤੀ ਸੀ ਕਿ ਉਹ ਇਸਲਾਮਾਬਾਦ ਦੇ ਆਈਜੀ (ਪੁਲੀਸ) ਤੇ ਡੀਆਈਜੀ ਖ਼ਿਲਾਫ਼ ਕੇਸ ਦਰਜ ਕਰਾਉਣਗੇ। ਉਨ੍ਹਾਂ ਇਸ ਮੌਕੇ ਨਿਆਂਪਾਲਿਕਾ ਨੂੰ ਵੀ ਪੱਖਪਾਤੀ ਕਰਾਰ ਦਿੱਤਾ ਤੇ ਕਿਹਾ ਕਿ ਅਦਾਲਤਾਂ ਦਾ ਉਨ੍ਹਾਂ ਦੀ ਪਾਰਟੀ ਪ੍ਰਤੀ ਰਵੱਈਆ ਪੱਖਪਾਤੀ ਹੈ। ਇਮਰਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। -ਪੀਟੀਆਈ
ਆਈਐਮਐਫ ਨਾਲ ਹੋਏ ਸੌਦੇ ’ਚ ਅੜਿੱਕਾ ਪਾਉਣ ਦੀ ਕੋਸ਼ਿਸ਼ ’ਚ ਹੈ ਇਮਰਾਨ ਦੀ ਪਾਰਟੀ: ਸ਼ਰੀਫ਼
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੋਸ਼ ਲਾਇਆ ਹੈ ਕਿ ਇਮਰਾਨ ਖਾਨ ਦੀ ਪਾਰਟੀ ‘ਪੀਟੀਆਈ’ ਕੌਮਾਂਤਰੀ ਮੁਦਰਾ ਫੰਡ ਨਾਲ ਪਾਕਿਸਤਾਨ ਦੇ ਸੌਦੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਆਰਥਿਕ ਪੈਕੇਜ ਦੇਣ ਬਾਰੇ ਆਈਐਮਐਫ ਦੀ ਬੋਰਡ ਮੀਟਿੰਗ ਭਲਕੇ ਹੋਵੇਗੀ। ਇਸ ਤਹਿਤ ਪਾਕਿਸਤਾਨ ਨੂੰ ਇਕ ਅਰਬ ਡਾਲਰ ਤੋਂ ਵੱਧ ਦਾ ਕਰਜ਼ਾ ਮਿਲਣ ਦੀ ਸੰਭਾਵਨਾ ਹੈ। ਸ਼ਰੀਫ਼ ਨੇ ਕਿਹਾ ਕਿ ਜੇ ਇਮਰਾਨ ਦੀ ਧਿਰ ਅਜਿਹਾ ਕਰਦੀ ਹੈ ਤਾਂ ਇਹ ਮੁਲਕ ਨਾਲ ਵੱਡਾ ਅਨਿਆਂ ਹੋਵੇਗਾ। -ਪੀਟੀਆਈ