ਕਾਠਮੰਡੂ, 23 ਮਈ
ਨੇਪਾਲ ਦੀਆਂ ਅਥਾਰਿਟੀਆਂ ਨੇ ਅੱਜ ਸੁਪਰੀਮ ਕੋਰਟ ਦੀ ਇਮਾਰਤ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਹੈ। ਮੀਡੀਆ ’ਚ ਆਈ ਖ਼ਬਰ ਅਨੁਸਾਰ ਅਧਿਕਾਰੀਆਂ ਨੇ ਇਹ ਕਦਮ ਰਾਸ਼ਟਰਪਤੀ ਵੱਲੋਂ ਪ੍ਰਤੀਨਿਧ ਸਭਾ ਨੂੰ ਗ਼ੈਰ-ਸੰਵਿਧਾਨਕ ਢੰਗ ਨਾਲ ਭੰਗ ਕਰਨ ਖ਼ਿਲਾਫ਼ ਵਿਰੋਧੀ ਗੱਠਜੋੜ ਦੇ ਆਗੂਆਂ ਵੱਲੋਂ ਸਿਖਰਲੀ ਅਦਾਲਤ ’ਚ ਰਿੱਟ ਪਟੀਸ਼ਨ ਦਾਇਰ ਕਰਨ ਦੀ ਤਿਆਰੀ ਦਰਮਿਆਨ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਬੀਤੇ ਦਿਨ ਪੰਜ ਮਹੀਨੇ ’ਚ ਦੂਜੀ ਵਾਰ ਪ੍ਰਤੀਨਿਧ ਸਭਾ ਭੰਗ ਕਰਨ ਦਾ ਹੁਕਮ ਜਾਰੀ ਕੀਤਾ ਹੈ। ਹਿਮਾਲਿਅਨ ਟਾਈਮਜ਼ ਦੀ ਖ਼ਬਰ ਅਨੁਸਾਰ ਵਿਰੋਧੀ ਗੱਠਜੋੜ ਦੇ ਨੇਤਾ ਅਦਾਲਤ ਜਾਣ ਦੀ ਤਿਆਰੀ ਕਰ ਰਹੇ ਹਨ। ਸੁਰੱਖਿਆ ਬਲਾਂ ਨੇ ਸੁਪਰੀਮ ਕੋਰਟ ਸਿੰਘ ਦਰਬਾਰ ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਹੈ। ਨੇਪਾਲੀ ਪੁਲੀਸ ਨੇ ਕਿਹਾ ਕਿ ਇਲਾਕੇ ’ਚ ਭੀੜ ਤੇ ਰੋਸ ਮੁਜ਼ਾਹਰੇ ਰੋਕਣ ਲਈ ਸੁਰੱਖਿਆ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਕੁਝ ਸਿਆਸੀ ਸਮੂਹਾਂ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ
ਓਲੀ ਨੂੰ ਇੱਕੋ ਗੇੜ ’ਚ ਚੋਣਾਂ ਕਰਵਾਉਣ ਦੀ ਸਲਾਹ
ਨੇਪਾਲ ਦੇ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ 12 ਤੇ 19 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਇੱਕੋ ਗੇੜ ’ਚ ਕਰਵਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਚੋਣ ਪ੍ਰਕਿਰਿਆ ਦੌਰਾਨ ਕਰੋਨਾਵਾਇਰਸ ਨਾ ਫੈਲੇ। ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਦਿਨੇਸ਼ ਕੁਮਾਰ ਥਪਲੀਆ ਨੇ ਕਿਹਾ ਕਿ ਇੱਕ ਵਾਰ ਚੋਣਾਂ ਦਾ ਐਲਾਨ ਹੋਣ ਮਗਰੋਂ ਸਹੀ ਢੰਗ ਨਾਲ ਚੋਣਾਂ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਤਿਆਰੀ ਲਈ ਉਨ੍ਹਾਂ ਕੋਲ ਢੁੱਕਵਾਂ ਸਮਾਂ ਹੈ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਚੋਣਾਂ ਇੱਕੋ ਗੇੜ ’ਚ ਕਰਵਾਉਣ ਦੀ ਸਲਾਹ ਦਿੱਤੀ ਹੈ। -ਪੀਟੀਆਈ