ਸਿੰਗਾਪੁਰ, 11 ਮਈ
ਸਿੰਗਾਪੁਰ ਦੇ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਜੇ ਉਨ੍ਹਾਂ ਦਾ ਮੁਲਕ ਨਸਲਵਾਦ ਤੇ ਵਿਦੇਸ਼ੀ ਭਾਈਚਾਰੇ/ਸਭਿਆਚਾਰ ਪ੍ਰਤੀ ਭੈਅ ਜਾਂ ਨਫ਼ਰਤ ਰੱਖੇਗਾ ਤਾਂ ਇਹ ਨਾਕਾਮ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਿੰਗਾਪੁਰ ’ਚ ਭਾਰਤੀ ਮੂਲ ਦੀ 55 ਸਾਲਾ ਔਰਤ ਨੂੰ ਇਕ ਵਿਅਕਤੀ ਨੇ ਲੱਤ ਮਾਰ ਕੇ ਨਸਲੀ ਟਿੱਪਣੀਆਂ ਕੀਤੀਆਂ ਸਨ। ਹਿੰਦੋਚਾ ਨੀਤਾ ਵਿਸ਼ਨੂਭਾਈ ਸ਼ੁੱਕਰਵਾਰ ਸਵੇਰੇ ਕੰਮ ਉਤੇ ਜਾ ਰਹੀ ਸੀ। ਇਸੇ ਦੌਰਾਨ ਇਕ ਵਿਅਕਤੀ ਨੇ ਉਸ ਕੋਲ ਜਾ ਕੇ ਉਸ ਨੂੰ ਮਾਸਕ ਠੋਡੀ ਤੋਂ ਉਪਰ ਕਰਨ ਲਈ ਕਿਹਾ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ। ਪੀੜਤਾ ਦੀ ਧੀ ਨੇ ਦੱਸਿਆ ਕਿ ਵਿਅਕਤੀ ਨੇ ਉਸ ਦੀ ਮਾਂ ਨੂੰ ਲੱਤ ਮਾਰ ਦਿੱਤੀ। ਕਾਨੂੰਨ ਤੇ ਗ੍ਰਹਿ ਮੰਤਰੀ ਕੇ. ਸ਼ਾਨਮੁਗਮ ਨੇ ਕਿਹਾ ਕਿ ‘ਨਸਲੀ ਵਿਹਾਰ ਨੂੰ ਇਹ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਭਾਰਤੀ ਬੁਰਾ ਵਿਹਾਰ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਅਜਿਹੇ ਵਿਹਾਰ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ