ਸਤਬਿੀਰ ਸਿੰਘ
ਬਰੈਂਪਟਨ 27 ਜੂਨ
‘ਜਗਤ ਪੰਜਾਬੀ ਸਭਾ’ ਵੱਲੋਂ ਅਜੈਬ ਸਿੰਘ ਚੱਠਾ ਦੀ ਅਗਵਾਈ ਹੇਠ ਇੱਥੇ ਕਰਵਾਈ ਗਈ ਤਿੰਨ ਰੋਜ਼ਾ ‘ਵਰਲਡ ਪੰਜਾਬੀ ਕਾਨਫਰੰਸ’ ਅੱਜ ਸਮਾਪਤ ਹੋ ਗਈ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਪੰਜਾਬੀ ਦੇ ਭਵਿੱਖ ’ਤੇ ਚਿੰਤਾ ਜਤਾਈ ਕੀਤੀ, ਉੱਥੇ ਹੀ ਪੰਜਾਬੀ ਭਾਸ਼ਾ ਦਾ ਦਾਇਰਾ ਹੋਰ ਵਿਸ਼ਾਲ ਕਰਨ ਦੇ ਯੋਗ ਸੁਝਾਅ ਵੀ ਦਿੱਤੇ।
ਸਮਾਪਤੀ ਸਮਾਗਮ ਦੌਰਾਨ ਸਾਬਕਾ ਉਪ ਕੁਲਪਤੀ ਡਾ. ਦਲਜੀਤ ਸਿੰਘ ਨੇ ਕਿਹਾ ਕਿ ਜੇ ਪੰਜਾਬੀਆਂ ਨੇ ਆਪਣੀ ਪਛਾਣ ਬਣਾਈ ਰੱਖਣੀ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਭਾਸ਼ਾ ਦੇ ਪਸਾਰ ’ਤੇ ਜ਼ੋਰ ਦੇਣਾ ਪਵੇਗਾ। ਇਸ ਕੰਮ ਲਈ ਬੁੱਧੀਜੀਵੀਆਂ ਨੂੰ ਅੱਗੇ ਆ ਕੇ ਬਾਕੀਆਂ ਦੀ ਅਗਵਾਈ ਕਰਨੀ ਚਾਹੀਦੀ ਹੈ।
ਅਮਰੀਕਾ ਤੋ ਆਏ ਚਰਨਜੀਤ ਸਿੰਘ ਬਾਠ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਇੰਗਲੈਂਡ ਵਿੱਚ ਵੱਡੀ ਗਿਣਤੀ ਪੰਜਾਬੀ ਰਹਿ ਰਹੇ ਹਨ। ਇੱਥੇ ਸਰਕਾਰਾਂ ’ਤੇ ਜ਼ੋਰ ਪਾ ਕੇ ਪੰਜਾਬੀ ਨੂੰ ਸਿਲੇਬਸ ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਵੈਨਕੂਵਰ ਸੂਬੇ ਵਿੱਚ ਪਹਿਲਾਂ ਹੀ ਪੰਜਾਬੀ ਪੜ੍ਹਾਈ ਜਾ ਰਹੀ ਹੈ। ਪੰਜਾਬੀ ਕਵੀ ਪਿਆਰਾ ਸਿੰਘ ਕੁਦੋਵਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਕਾਰੋਬਾਰ ਅਤੇ ਹੋਰ ਵਰਗਾਂ ’ਚ ਪੰਜਾਬੀਆਂ ਦਾ ਯੋਗਦਾਨ ਵਧਣ ’ਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਪੰਜਾਬੀ ਸਿੱਖਣਾ ਚਾਹੁਣਗੇ। ਪਿਸ਼ੌਰਾ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀ ਇੱਕ ਦਿਨ ਵਿਸ਼ਵ ਦੀਆਂ ਵਿਕਸਤ ਭਾਸ਼ਾਵਾਂ ਦਾ ਮੁਕਾਬਲਾ ਕਰੇਗੀ। ਇਸ ਦੌਰਾਨ ਅਜੈਬ ਸਿੰਘ ਚੱਠਾ, ਹਕੂਮਤ ਸਿੰਘ ਮੱਲ੍ਹੀ ਅਤੇ ਰਵਿੰਦਰ ਢਿੱਲੋਂ ਸਮੇਤ ਹੋਰਾਂ ਨੇ ਵੀ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਜਗਜੀਤ ਸਿੰਘ ਧੂਰੀ ਦੀ ਪੁਸਤਕ ‘ਮੋਹ ਦੀਆਂ ਤੰਦਾਂ’, ਮਲਵਿੰਦਰ ਦੀ ਪੁਸਤਕ ‘ਚੁੱਪ ਦੇ ਬਹਾਨੇ’, ਡਾ. ਸਤਿੰਦਰ ਕੌਰ ਬੁੱਟਰ ਦੀ ‘ਰੂਹ ਦੇ ਬੋਲ’, ਡਾ. ਗਿਆਨ ਸਿੰਘ ਘਈ ਦੀ ‘ਕਲਯੁਗ ਦੇ ਰਹਬਿਰ ਗੁਰੂ ਨਾਨਕ ਦੇਵ’ ਅਤੇ ਰਵਿੰਦਰ ਢਿੱਲੋਂ ਦੀ ਪੁਸਤਕ ‘ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਹਾਸ’ ਤੋਂ ਇਲਾਵਾ ਜਗਤ ਪੰਜਾਬੀ ਸਭਾ ਦਾ ਜਰਨਲ ‘ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ’ ਵੀ ਰਿਲੀਜ਼ ਕੀਤਾ ਗਿਆ।