ਇਸਲਾਮਾਬਾਦ, 18 ਜੁਲਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੇਸ਼ ਵਿੱਚ ਪ੍ਰਦੂਸ਼ਣ ਚਿੰਤਾਜਨਕ ਹੱਦ ਤੱਕ ਵਧਣ ਨੂੰ ਲੈ ਕੇ ਦੇਸ਼ਵਾਸੀਆਂ ਨੂੰ ਜਲਵਾਯੂ ਤਬਦੀਲੀ ਨਾਲ ਇਕੱਠੇ ਹੋ ਕੇ ਨਜਿੱਠਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਖ਼ਾਨ ਨੇ ਸੂਬਾ ਪੰਜਾਬ ਦੇ ਸ਼ਹਿਰ ਕਹੂਟਾ ਵਿੱਚ ਸ਼ੁੱਕਰਵਾਰ ਨੂੰ ‘ਮੌਨਸੂਨ ਪੌਦੇ ਲਗਾਓ ਮੁਹਿੰਮ-2020’ ਦੇ ਆਗਾਜ਼ ਮੌਕੇ ਚਿਤਾਵਨੀ ਦਿੱਤੀ ਕਿ ਜੰਗਲਾਂ ਦਾ ਤੇਜ਼ੀ ਨਾਲ ਘਟਣਾ ਕਈ ਤਰ੍ਹਾਂ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈੇ। ਸਰਕਾਰ ਵੱਲੋਂ ਚਲਾਈ ਜਾਂਦੀ ਐਸੋਸੀਏਟਡ ਪ੍ਰੈੱਸ ਆਫ ਪਾਕਿਸਤਾਨ ਦੀ ਇੱਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਦੇਸ਼ ਵਿੱਚ 10 ਅਰਬ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ। ਪਾਕਿਸਤਾਨ ’ਚ ਪਿਛਲੇ ਕਈ ਸਾਲਾਂ ਤੋਂ ਘਟ ਰਹੇ ਜੰਗਲੀ ਰਕਬੇ ’ਤੇ ਚਿੰਤਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਉਪ-ਮਹਾਦੀਪ ਨਾਲੋਂ ਵੰਡ ਦੇ ਸਮੇਂ ਤੋਂ ਲੈ ਕੇ ਦਰੱਖਤਾਂ ਦੀ ਗਿਣਤੀ ਚਿੰਤਾਜਨਕ ਹੱਦ ਤੱਕ ਘੱਟੀ ਹੈ। ਸ੍ਰੀ ਖ਼ਾਨ ਨੇ ਲਾਹੌਰ ਵਿੱਚ ਪ੍ਰਦੂਸ਼ਣ ਖ਼ਤਰੇ ਦੀ ਹੱਦ ਵਧਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਰੁੱਖਾਂ ਦੀ ਘਾਟ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹੈ ਅਤੇ ਇਸ ਨਾਲ ਨਜਿੱਠਣਾ ਉਨ੍ਹਾਂ ਦੀ ਸਰਕਾਰ ਦੀ ਪਹਿਲ ਹੋਵੇਗੀ।