ਇਸਲਾਮਾਬਾਦ, 25 ਜੁਲਾਈ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਅੱਜ ਲੋਕਾਂ ਨੇ ਵਿਧਾਨ ਸਭਾ ਚੁਣਨ ਲਈ ਵੋਟਾਂ ਪਾਈਆਂ। ਮਕਬੂਜ਼ਾ ਕਸ਼ਮੀਰ ਵਿਚ 30 ਲੱਖ ਤੋਂ ਵੱਧ ਵੋਟਰ ਹਨ ਜੋ ਕਿ ਪੰਜ ਸਾਲਾਂ ਦੇ ਕਾਰਜਕਾਲ ਲਈ 45 ਮੈਂਬਰਾਂ ਨੂੰ ਚੁਣਨਗੇ। ਜ਼ਿਕਰਯੋਗ ਹੈ ਕਿ ਗਿਲਗਿਤ-ਬਾਲਟਿਸਤਾਨ ਵਿਚ ਚੋਣਾਂ ਕਰਵਾਉਣ ਲਈ ਭਾਰਤ ਪਹਿਲਾਂ ਹੀ ਪਾਕਿਸਤਾਨ ਦੀ ਨਿਖੇਧੀ ਕਰ ਚੁੱਕਾ ਹੈ। ਭਾਰਤ ਨੇ ਕਿਹਾ ਸੀ ਕਿ ਫ਼ੌਜ ਦੇ ਕਬਜ਼ੇ ਵਾਲੇ ਇਸ ਖਿੱਤੇ ਦੇ ਦਰਜੇ ਨੂੰ ਬਦਲਣ ਲਈ ਚੁੱਕੇ ਗਏ ਕਿਸੇ ਵੀ ਕਦਮ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ। ਵਿਧਾਨ ਸਭਾ ਦੇ ਕੁੱਲ 53 ਮੈਂਬਰ ਹਨ ਪਰ ਸਿੱਧੇ ਤੌਰ ’ਤੇ ਸਿਰਫ਼ 45 ਚੁਣੇ ਜਾਂਦੇ ਹਨ। ਪੰਜ ਸੀਟਾਂ ਔਰਤਾਂ ਲਈ ਰਾਖ਼ਵੀਆਂ ਹਨ ਤੇ ਤਿੰਨ ਤਕਨੀਕੀ ਮੁਹਾਰਤ ਵਾਲਿਆਂ ਲਈ ਰਾਖ਼ਵੀਆਂ ਹਨ। ਮਕਬੂਜ਼ਾ ਕਸ਼ਮੀਰ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ), ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿਚਾਲੇ ਤਿਕੋਣਾ ਮੁਕਾਬਲਾ ਹੈ। ਪੀਟੀਆਈ ਨੇ ਸਾਰੀਆਂ ਸੀਟਾਂ ਉਤੇ ਉਮੀਦਵਾਰ ਖੜ੍ਹੇ ਕੀਤੇ ਹਨ ਜਦਕਿ ਪੀਐਮਐਲ-ਐਨ ਤੇ ਪੀਪੀਪੀ ਨੇ 44 ਸੀਟਾਂ ਉਤੇ ਉਮੀਦਵਾਰ ਖੜ੍ਹੇ ਕੀਤੇ ਹਨ। ਤਹਿਰੀਕ-ਏ-ਲਬਾਇਕ ਪਾਰਟੀ (ਟੀਐਲਪੀ) ਜੋ ਕਿ ਇਕ ਕੱਟੜ ਇਸਲਾਮਿਕ ਪਾਰਟੀ ਹੈ ਤੇ ਅਪਰੈਲ ਵਿਚ ਇਸ ’ਤੇ ਪਾਕਿਸਤਾਨ ਸਰਕਾਰ ਨੇ ਪਾਬੰਦੀ ਵੀ ਲਾਈ ਸੀ, 40 ਸੀਟਾਂ ਉਤੇ ਚੋਣ ਲੜ ਰਹੀ ਹੈ। ਟੀਐਲਪੀ ਦੀ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪਾਬੰਦੀ ਤੋਂ ਬਾਅਦ ਰਜਿਸਟਰੇਸ਼ਨ ਰੱਦ ਨਹੀਂ ਕੀਤੀ ਸੀ। ਇਸ ਲਈ ਇਹ ਚੋਣ ਲੜ ਰਹੀ ਹੈ। 33 ਹਲਕੇ ਪੀਓਕੇ ਵਿਚ ਸਥਿਤ ਹਨ, ਜਦਕਿ 12 ਸੀਟਾਂ ਉਨ੍ਹਾਂ ਸ਼ਰਨਾਰਥੀਆਂ ਲਈ ਹਨ ਜੋ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਰਹੇ ਹਨ। ਚੋਣਾਂ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਰਵਾਇਤੀ ਤੌਰ ’ਤੇ ਇਹ ਚੋਣਾਂ ਮੁਲਕ ਦੀ ਸੱਤਾ ’ਤੇ ਕਾਬਜ਼ ਪਾਰਟੀ ਹੀ ਜਿੱਤਦੀ ਹੈ। ਪਿਛਲੀਆਂ ਚੋਣਾਂ ਜੁਲਾਈ 2016 ਵਿਚ ਹੋਈਆਂ ਸਨ ਤੇ ਨਵਾਜ਼ ਸ਼ਰੀਫ਼ ਦੀ ਅਗਵਾਈ ਵਿਚ ਪੀਐਮਐਲ-ਐਨ ਨੇ ਜਿੱਤੀਆਂ ਸਨ। ਇਕ ਚੋਣ ਸਰਵੇਖਣ ਵਿਚ ਇਮਰਾਨ ਖਾਨ ਦੀ ਪਾਰਟੀ ‘ਪੀਟੀਆਈ’ ਨੂੰ ਜਿੱਤਦਾ ਦਿਖਾਇਆ ਗਿਆ ਹੈ। -ਪੀਟੀਆਈ
ਚੋਣਾਂ ’ਚ ਬੇਨਿਯਮੀਆਂ ਦੇ ਦੋਸ਼, ਹਿੰਸਾ ਵਿਚ ਦੋ ਮੌਤਾਂ
ਚੋਣਾਂ ਦੌਰਾਨ ਹੋਈ ਹਿੰਸਾ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਦੋ ਵਰਕਰ ਮਾਰੇ ਗਏ ਹਨ। ਇਸ ਤੋਂ ਇਲਾਵਾ ਚੋਣਾਂ ਵਿਚ ਬੇਨਿਯਮੀਆਂ ਦੇ ਦੋਸ਼ ਵੀ ਲਾਏ ਗਏ ਹਨ। ਚੋਣ ਅਮਲ ਸ਼ਾਮ ਪੰਜ ਵਜੇ ਤੱਕ ਮੁਕੰਮਲ ਹੋ ਗਿਆ ਸੀ। ਵੋਟਾਂ ਪੈਣ ਤੋਂ ਬਾਅਦ ਗਿਣਤੀ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਕੋਟਲੀ ਜ਼ਿਲ੍ਹੇ ਵਿਚ ਪੀਟੀਆਈ ਤੇ ਪੀਪੀਪੀ ਵਰਕਰਾਂ ਵਿਚਾਲੇ ਟਕਰਾਅ ਹੋਇਆ ਤੇ ਪੀਟੀਆਈ ਦੇ ਦੋ ਵਰਕਰ ਮਾਰੇ ਗਏ। ਜੇਹਲਮ ਵਾਦੀ ਜ਼ਿਲ੍ਹੇ ਵਿਚ ਜਮਾਤ-ਏ-ਇਸਲਾਮੀ ਦੇ ਕਾਰਕੁਨਾਂ ਨੇ ਪੰਜ ਪੁਲੀਸ ਕਰਮੀਆਂ ਨੂੰ ਫੱਟੜ ਕਰ ਦਿੱਤਾ। -ਪੀਟੀਆਈ