ਗਲਾਸਗੋੋ, 13 ਨਵੰਬਰ
ਸੰਯੁਕਤ ਰਾਸ਼ਟਰ ਵੱਲੋਂ ਵਾਤਾਵਰਨ ਤਬਦੀਲੀ ਦੇ ਮੁੱਦੇ ’ਤੇ ਕੀਤੀ ਜਾ ਰਹੀ ਗੱਲਬਾਤ ਦੌਰਾਨ ਵਾਰਤਾਕਾਰਾਂ ਨੇ ਕੁਝ ਨਵੀਆਂ ਤਜਵੀਜ਼ਾਂ ਰੱਖੀਆਂ ਹਨ, ਜਿਸ ਦਾ ਮੁੱਖ ਨਿਸ਼ਾਨਾ ਅਜਿਹੇ ਸਮਝੌਤੇ ਨੂੰ ਤਣ-ਪੱਤਣ ਲਾਉਣਾ ਹੈ, ਜੋ ਆਲਮੀ ਤਪਸ਼ ਦੇ ਟਾਕਰੇ ਲਈ ਕੁੱਲ ਆਲਮ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਹੱਲਾਸ਼ੇਰੀ ਸਾਬਤ ਹੋ ਸਕਦਾ ਹੈ। ਗਲਾਸਗੋ (ਸਕਾਟਲੈਂਡ) ਵਿੱਚ ਚੱਲ ਰਹੀ ਗੱਲਬਾਤ ਦੀ ਅਗਵਾਈ ਕਰ ਰਹੇ ਬਰਤਾਨਵੀ ਅਧਿਕਾਰੀਆਂ ਨੇ ਅਧਿਕਾਰਤ ਮਿਆਦ ਪੁੱਗਣ ਤੋਂ ਇਕ ਦਿਨ ਮਗਰੋਂ ਸਮਝੌਤੇ ਦਾ ਨਵਾਂ ਖਰੜਾ ਜਾਰੀ ਕੀਤਾ ਹੈ। ਇਸ ਖਰੜੇ ਦੀ ਤਜਵੀਜ਼ ਵਿੱਚ ਮੁਲਕਾਂ ਨੂੰ ਕੋਲੇ ਤੇ ਅਯੋਗ ਪਥਰਾਟ ਈਂਧਣ ’ਤੇ ਨਿਰਭਰਤਾ ਨੂੰ ਤੇਜ਼ੀ ਨਾਲ ਘਟਾਉਣ ਦਾ ਸੱਦਾ ਦਿੱਤਾ ਗਿਆ ਹੈ। ਗੱਲਬਾਤ ਦੀ ਅਗਵਾਈ ਕਰ ਰਹੇ ਬਰਤਾਨਵੀ ਅਧਿਕਾਰੀ ਆਲੋਕ ਸ਼ਰਮਾ ਨੇ ਕਿਹਾ ਕਿ ਉਹ ਆਸ ਕਰਦੇ ਹਨ ਮੁਲਕ ਗਲਾਸਗੋ ਸਮਝੌਤੇ ਲਈ ਭੱਜ ਕੇ ਹਾਮੀ ਭਰਨਗੇ। ਸ਼ਰਮਾ ਨੇ ਕਿਹਾ, ‘‘ਮੈਂ ਉਮੀਦ ਕਰਦਾ ਹਾਂ ਕਿ ਸਾਰੇ ਸਬੰਧਤ ਮੁਲਕ ਆਪਣਾ ਬਣਦਾ ਯੋਗਦਾਨ ਪਾਉਣਗੇ।’’ ਉਧਰ ਕੁਝ ਕੈਂਪੇਨ ਸਮੂਹਾਂ ਨੇ ਕਿਹਾ ਕਿ ਮੌਜੂਦਾ ਤਜਵੀਜ਼ਾਂ ਇੰਨੀਆਂ ਮਜ਼ਬੂਤ ਨਹੀਂ ਹਨ। ਓਕਸਫੈਮ ਦੇ ਟਰੇਸੀ ਕਾਰਟੀ ਨੇ ਕਿਹਾ, ‘‘ਗਲਾਸਗੋ ਵਿੱਚ ਵਿਸ਼ਵ ਦੇ ਕੁੱਝ ਸਭ ਤੋਂ ਗਰੀਬ ਮੁਲਕਾਂ ’ਤੇ ਇਸ ਧਰਤੀ ਤੋਂ ਗੁੰਮ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ, ਪਰ ਅਗਲੇ ਕੁਝ ਘੰਟੇ ਇਸ ਸਭ ਕੁਝ ਨੂੰ ਬਦਲ ਸਕਦੇ ਹਨ।’’ ਕਾਰਟੀ ਨੇ ਕਿਹਾ ਕਿ ਜਿਹੜੀਆਂ ਤਜਵੀਜ਼ਾਂ ਮੇਜ਼ ’ਤੇ ਰੱਖੀਆਂ ਗਈਆਂ ਹਨ, ਉਨ੍ਹਾਂ ਵਿੱਚ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ।’’ ਇਕ ਹੋਰ ਤਜਵੀਜ਼ ਵਿੱਚ ਮੁਲਕਾਂ ਨੂੰ 2025 ਤੋਂ 2035 ਤੇ 2030 ਤੋਂ 2040 ਤੱਕ ਕਾਰਬਨ ਨਿਕਾਸੀ ਘਟਾਉਣ ਦੇ ਨਵੇਂ ਟੀਚੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। -ਏਪੀ