ਗਾਜ਼ਾ: ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਅੱਜ ਗਾਜ਼ਾ ਪੱਟੀ ’ਤੇ ਹਵਾਈ ਹਮਲੇ ਕੀਤੇ। ਇਹ ਕਾਰਵਾਈ ਦੱਖਣੀ ਇਜ਼ਰਾਈਲ ਵੱਲ ਅੱਗ ਲਾਉਣ ਵਾਲੇ ਗੁਬਾਰੇ ਛੱਡਣ ਦੇ ਜਵਾਬ ਵਿਚ ਕੀਤੀ ਗਈ। ਸੁਰੱਖਿਆ ਬਲਾਂ ਮੁਤਾਬਕ ਸ਼ਨਿਚਰਵਾਰ ਦੇਰ ਰਾਤ ਇਜ਼ਰਾਇਲੀ ਜਹਾਜ਼ਾਂ ਨੇ ਗਾਜ਼ਾ ਸ਼ਹਿਰ ਦੇ ਦੱਖਣ ਵਿਚ ਇਕ ਫ਼ੌਜੀ ਸਿਖ਼ਲਾਈ ਚੌਕੀ ’ਤੇ ਦੋ ਮਿਜ਼ਾਈਲਾਂ ਦਾਗੀਆਂ। ਫ਼ੌਜੀ ਚੌਕੀਆਂ ਅਲ-ਕਾਸਮ ਬ੍ਰਿਗੇਡ ਨਾਲ ਸਬੰਧਤ ਹਨ ਜੋ ਕਿ ਇਸਲਾਮਿਕ ਹਮਾਸ ਸੰਗਠਨ ਦਾ ਹਥਿਆਰਬੰਦ ਵਿੰਗ ਹੈ। ਇਸ ਤੋਂ ਇਲਾਵਾ ਉੱਤਰੀ ਤੇ ਦੱਖਣੀ ਗਾਜ਼ਾ ਵਿਚ ਵੀ ਇਜ਼ਰਾਈਲ ਨੇ ਹਮਾਸ ਦੇ ਵੱਖ-ਵੱਖ ਫ਼ੌਜੀ ਟਿਕਾਣਿਆਂ ’ਤੇ ਮਿਜ਼ਾਈਲਾਂ ਸੁੱਟੀਆਂ। ਸੂਤਰਾਂ ਮੁਤਾਬਕ ਹਮਲਿਆਂ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਹਾਲਾਂਕਿ ਹਮਾਸ ਦੇ ਟਿਕਾਣਿਆਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਫ਼ਲਸਤੀਨੀ ਕਾਰਕੁਨਾਂ ਨੇ ਕਈ ਅੱਗ ਲਾਉਣ ਦੇ ਸਮਰੱਥ ਗੁਬਾਰੇ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਈਲ ਵੱਲ ਉਡਾ ਦਿੱਤੇ। -ਆਈਏਐਨਐੱਸ