ਢਾਕਾ: ਦੱਖਣੀ ਬੰਗਲਾਦੇਸ਼ ਸਥਿਤ ਇੱਕ ਕੈਂਪ ਵਿੱਚ ਸ਼ੁੱਕਰਵਾਰ ਨੂੰ ਰੋਹਿੰਗੀਆ ਸ਼ਰਨਾਥੀਆਂ ਦੇ ਦੋ ਗੁੱਟਾਂ ਵਿੱਚ ਹਿੰਸਕ ਝੜਪ ਹੋਣ ਕਾਰਨ ਘੱਟੋ-ਘੱਟ ਛੇ ਸ਼ਰਨਾਰਥੀਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਕੈਂਪ ਦੀ ਸੁਰੱਖਿਆ ਦਾ ਕੰਮ ਸੰਭਾਲਣ ਵਾਲੇ ਹਥਿਆਰਬੰਦ ਪੁਲੀਸ ਬਟਾਲੀਅਨ ਦੇ ਕਮਾਂਡਰ ਸ਼ਿਹਾਬ ਕੈਸਰ ਖਾਨ ਨੇ ਦੱਸਿਆ ਕਿ ਝੜਪ ਕਾਕਸ ਬਾਜ਼ਾਰ ਜ਼ਿਲ੍ਹੇ ਵਿੱਚ ਹੋਈ, ਜਿਥੇ ਇੱਕ ਗੁੱਟ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਮੌਕੇ ’ਤੇ ਹੀ ਚਾਰ ਲੋਕਾਂ ਦੀ ਮੌਤ ਹੋ ਗਈ। ਦੋ ਲੋਕਾਂ ਦੀ ਮੌਤ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ। ਉਥੇ ਹੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਦੋਹਾਂ ਗੁੱਟਾਂ ਵਿਚਾਲੇ ਝੜਪ ਕਿਸ ਗੱਲ ਨੂੰ ਲੈ ਕੇ ਹੋਈ ਹੈ, ਇਸ ਬਾਰੇ ਹਾਲੇ ਕੁੱਝ ਸਪੱਸ਼ਟ ਨਹੀਂ ਹੈ। ਹਾਲਾਂਕਿ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਦੋਵਾਂ ਗੁੱਟਾਂ ਵਿੱਚ ਨਾਜਾਇਜ਼ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਨੂੰ ਲੈ ਕੇ ਕੈਂਪ ਵਿੱਚ ਦਬਦਬਾ ਕਾਇਮ ਕਰਨ ਸਬੰਧੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ। ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਵੀ ਕੁਝ ਰੋਹਿੰਗੀਆ ਸਮੂਹ ਅਗਵਾ ਅਤੇ ਫਿਰੌਤੀ ਵਸੂਲਣ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸੀ। -ਪੀਟੀਆਈ