ਇਸਲਾਮਾਬਾਦ, 19 ਅਕਤੂਬਰ
ਪਾਕਿਸਤਾਨ ਨੇ ਦੱਸਿਆ ਕਿ ਵਿਸ਼ਵ ਬੈਂਕ ਨੇ ਅੰਦਾਜ਼ਾ ਲਾਇਆ ਹੈ ਕਿ ਦੱਖਣੀ ਏਸ਼ਿਆਈ ਦੇਸ਼ ਵਿੱਚ ਗਰਮੀਆਂ ’ਚ ਆਏ ਹੜ੍ਹਾਂ ਕਾਰਨ ਲਗਪਗ 40 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਅੰਕੜਾ ਪਾਕਿਸਤਾਨੀ ਸਰਕਾਰ ਦੇ ਪਹਿਲੇ ਅਨੁਮਾਨ ਤੋਂ 10 ਅਰਬ ਡਾਲਰ ਵੱਧ ਹੈ। ਪਾਕਿਸਤਾਨ ਇਸ ਸਮੇਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜੂਨ ਦੇ ਅੱਧ ਵਿੱਚ ਭਾਰੀ ਮੀਂਹ ਕਰਕੇ ਆਏ ਹੜ੍ਹਾਂ ਕਾਰਨ ਇੱਕ ਸਮੇਂ ਦੇਸ਼ ਦਾ ਇੱਕ ਤਿਹਾਈ ਹਿੱਸਾ ਪਾਣੀ ਵਿੱਚ ਡੁੱਬ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਜਲਵਾਯੂ ਪਰਿਵਰਤਨ ਦੇ ਮਾਹਿਰਾਂ ਵਿਚਾਲੇ ਰਾਜਧਾਨੀ ਇਸਲਾਮਾਬਾਦ ਵਿੱਚ ਹੋਈ ਮੀਟਿੰਗ ਦੌਰਾਨ ਇਹ ਤਾਜ਼ਾ ਮੁਲਾਂਕਣ ਸਾਹਮਣੇ ਆਇਆ ਹੈ। ਨਵੇਂ ਅਨੁਮਾਨ ’ਤੇ ਵਿਸ਼ਵ ਬੈਂਕ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਮੁਲਕ ਵਿੱਚ ਹੜ੍ਹਾਂ ਕਾਰਨ ਮੱਧ ਜੂਨ ਤੋਂ ਹੁਣ ਤੱਕ 1,719 ਵਿਅਕਤੀ ਮਾਰੇ ਗਏ ਅਤੇ 3.3 ਕਰੋੜ ਪ੍ਰਭਾਵਿਤ ਹੋਏ ਹਨ। ਇਸੇ ਤਰ੍ਹਾਂ 20 ਲੱਖ ਘਰਾਂ ਦਾ ਨੁਕਸਾਨ ਹੋਇਆ ਜਾਂ ਪਾਣੀ ਵਿੱਚ ਰੁੜ੍ਹ ਗਏ। ਸ਼ਰੀਫ ਸਰਕਾਰ ਨੇ ਪਿਛਲੇ ਮਹੀਨੇ ਹੜ੍ਹਾਂ ਕਾਰਨ 30 ਬਿਲੀਅਨ ਡਾਲਰ ਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਸੀ। ਵਿਸ਼ਵ ਬੈਂਕ ਸਮੇਤ ਕੌਮਾਂਤਰੀ ਸਹਾਇਤਾ ਏਜੰਸੀਆਂ ਅਤੇ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੀ ਮਦਦ ਨਾਲ ਨੁਕਸਾਨ ਦੀ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਜਾਣਾ ਹਾਲੇ ਬਾਕੀ ਹੈ। ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਦੀ ਮਦਦ ਲਈ ਅਪੀਲ ਸ਼ੁਰੂਆਤੀ 16 ਕਰੋੜ ਡਾਲਰ ਤੋਂ ਪੰਜ ਗੁਣਾ ਵਧਾ ਕੇ 81.6 ਕਰੋੜ ਡਾਲਰ ਕਰ ਦਿੱਤੀ ਹੈ। -ਏਪੀ