ਕੀਵ, 20 ਜੁਲਾਈ
ਜੰਗ ਦੇ ਝੰਬੇ ਯੂਕਰੇਨ ਦੇ ਉਤਰ-ਪੂਰਬ ਵਿੱਚ ਰੂਸੀ ਫ਼ੌਜਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 13 ਸਾਲ ਦੇ ਲੜਕੇ ਸਣੇ ਆਮ ਨਾਗਰਿਕ ਮਾਰੇ ਗਏ। ਖੇਤਰੀ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਧਰ ਯੂਕਰੇਨੀ ਬਲਾਂ ਵੱਲੋਂ ਕੀਤੇ ਹਮਲੇ ਵਿੱਚ ਦੱਖਣੀ ਯੂਕਰੇਨ ਵਿੱਚ ਡਨਿਪਰ ਦਰਿਆ ’ਤੇ ਬਣੇ ਪੁਲ ਨੂੰ ਭਾਰੀ ਨੁਕਸਾਨ ਪੁੱਜਿਆ ਹੈ, ਜਿਸ ਕਾਰਨ ਰੂਸ ਦੀਆਂ ਫ਼ੌਜਾਂ ਲਈ ਸਪਲਾਈ ਪ੍ਰਭਾਵਿਤ ਹੋਈ ਹੈ।
ਰੂਸ ਦੇ ਕਬਜ਼ੇ ਵਾਲੇ ਦੱਖਣੀ ਖੇਰਸੋਨ ਖੇਤਰ ਦੇ ਉਪ ਮੁਖੀ ਕਿਰਿਲ ਸਟ੍ਰੈਮੌਸੋਵ ਨੇ ਕਿਹਾ ਕਿ ਯੂਕਰੇਨੀ ਫ਼ੌਜ ਨੇ ਅੱਜ ਮਿਜ਼ਾਈਲਾਂ ਨਾਲ ਹਮਲਾ ਕਰ ਕੇ ਡਨਿਪਰ ਦਰਿਆ ’ਤੇ ਬਣੇ ਐਂਟੋਨੀਵਸਕਾਈ ਪੁਲ ਨੂੰ ਭਾਰੀ ਨੁਕਸਾਨ ਪਹੁੰਚਾਇਆ। ਉਨ੍ਹਾਂ ਇੰਟਰਫੈਕਸ ਖ਼ਬਰ ਏਜੰਸੀ ਨੂੰ ਦੱਸਿਆ ਕਿ 1.4 ਕਿਲੋਮੀਟਰ ਲੰਬੇ ਇਸ ਪੁਲ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ, ਪਰ ਇਹ ਆਵਾਜਾਈ ਲਈ ਬੰਦ ਨਹੀਂ ਕੀਤਾ ਗਿਆ। ਸਟ੍ਰੈਮੌਸੋਵ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਇਸ ਪੁਲ ਨੂੰ ਤੋੜਨ ਲਈ ਅਮਰੀਕਾ ਵੱਲੋਂ ਸਪਲਾਈ ਕੀਤੇ ਰਾਕੇਟ ਲਾਂਚਰ ਦਾਗ਼ੇ ਹਨ, ਜਿਨ੍ਹਾਂ ਵਿੱਚੋਂ ਕੁੱਝ ਰੂਸੀ ਹਵਾਈ ਫ਼ੌਜ ਨੇ ਨਾਕਾਮ ਕਰ ਦਿੱਤੇ। ਇੰਟਰਫੈਕਸ ਮੁਤਾਬਕ, ਸਟ੍ਰੈਮੌਸੋਵ ਨੇ ਕਿਹਾ, ‘‘ਪੁਲ ਬੰਦ ਨਹੀਂ ਹੋਇਆ। ਆਵਾਜਾਈ ਜਾਰੀ ਹੈ, ਪਰ ਸਥਿਤੀ ਗੰਭੀਰ ਬਣੀ ਹੋਈ ਹੈ।’’ ਖੇਰਸੋਨ ਖੇਤਰ ਵਿੱਚ ਡਨਾਇਪਰ ਦਰਿਆ ਪਾਰ ਕਰਨ ਲਈ ਇਹ ਪੁਲ ਅਹਿਮ ਹੈ। ਪੁਲ ਦੇ ਨੁਕਸਾਨੇ ਜਾਣ ਕਾਰਨ ਇਸ ਖੇਤਰ ਵਿੱਚ ਯੂਕਰੇਨੀਆਂ ਦੇ ਵਾਰ ਵਾਰ ਹੋ ਰਹੇ ਹਮਲਿਆਂ ਵਿਚਾਲੇ ਰੂਸੀ ਫ਼ੌਜਾਂ ਨੂੰ ਸਾਜ਼ੋ-ਸਾਮਾਨ ਸਪਲਾਈ ਕਰਨਾ ਮੁਸ਼ਕਲ ਹੋ ਜਾਵੇਗਾ। -ਏਪੀ