ਵਾਸ਼ਿੰਗਟਨ, 5 ਦਸੰਬਰ
ਅਮਰੀਕਾ ਦੇ ਨਿਊਯਾਰਕ ਵਿਚ ਸ਼ਨਿਚਰਵਾਰ ਨੂੰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਸੂਬੇ ਵਿਚ ਕਰੋਨਾਵਾਇਰਸ ਦੇ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਉਨ੍ਹਾਂ ਸੂਬਿਆਂ ਦੀ ਗਿਣਤੀ ਵਧ ਗਈ ਹੈ ਜਿੱਥੇ ਓਮੀਕਰੋਨ ਸਰੂਪ ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ।
ਸੂਬੇ ਦੇ ਸਿਹਤ ਕਮਿਸ਼ਨਰ ਮੈਰੀ ਬੈਸੈੱਟ ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ, ‘‘ਓਮੀਕਰੋਨ ਸਰੂਪ ਇੱਥੇ ਫੈਲ ਗਿਆ ਹੈ ਅਤੇ ਜਿਵੇਂ ਕਿ ਸੰਭਾਵਨਾ ਸੀ, ਹੁਣ ਕਮਿਊਨਿਟੀ ਵਿਚ ਇਹ ਨਵਾਂ ਸਰੂਪ ਫੈਲਦਾ ਦਿਖ ਰਿਹਾ ਹੈ।’’
ਅਜਿਹੇ ਸੂਬਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਜਿਨ੍ਹਾਂ ਵਿਚ ਕਰੋਨਾ ਦੇ ਇਸ ਨਵੇਂ ਸਰੂਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਸੂਬਿਆਂ ਵਿੱਚੋਂ ਨਿਊ ਜਰਸੀ, ਜੌਰਜੀਆ, ਪੈਨਸਿਲਵੇਨੀਆ ਅਤੇ ਮੈਰੀਲੈਂਡ ਵਿਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਇਸ ਸਰੂਪ ਦੇ ਮਾਮਲੇ ਸਾਹਮਣੇ ਆਏ ਸਨ ਜਦਕਿ ਮਿਸੂਰੀ ਵਿਚ ਵੀ ਇਸ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਤੋਂ ਇਲਾਵਾ ਨੈਬ੍ਰਾਸਕਾ, ਮਿਨੈਸੋਟਾ, ਕੈਲੀਫੋਰਨੀਆ, ਹਵਾਈ, ਕੋਲੋਰਾਡੋ ਅਤੇ ਉਟਾਹ ਵਿਚ ਵੀ ਓਮੀਕਰੋਨ ਸਰੂਪ ਦੇ ਮਾਮਲੇ ਸਾਹਮਣੇ ਆਏ ਹਨ। ਨਿਊਯਾਰਕ ਸੂਬੇ ਵਿੱਚੋਂ ਸੱਤ ਮਾਮਲੇ ਨਿਊਯਾਰਕ ਸਿਟੀ ’ਚ ਮਿਲੇ ਹਨ ਜਦਕਿ ਇਕ ਹੋਰ ਮਰੀਜ਼ ਸੂਫੋਲਕ ਕਾਊਂਟੀ ਵਿਚ ਮਿਲਿਆ ਹੈ।
ਓਮੀਕਰੋਨ ਸਰੂਪ ਦੇ ਮਾਮਲੇ ਅਜਿਹੇ ਸਮੇਂ ਵਿਚ ਸਾਹਮਣੇ ਆ ਰਹੇ ਹਨ ਜਦੋਂ ਸੂਬੇ ਭਰ ਦੇ ਹਸਪਤਾਲਾਂ ’ਤੇ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਰ ਕੇ ਪਹਿਲਾਂ ਤੋਂ ਦਬਾਅ ਹੈ ਅਤੇ ਉਹ ਸਿਹਤ ਅਮਲੇ ਦੀ ਘਾਟ ਨਾਲ ਜੂਝ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਦਾ ਸਬੰਧ ਡੈਲਟਾ ਸਰੂਪ ਨਾਲ ਹੈ। ਸੂਬੇ ਭਰ ਵਿਚ ਹਰ ਰੋਜ਼ ਨਵੇਂ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਪਿਛਲੇ 30 ਦਿਨਾਂ ਵਿਚ ਦੁੱਗਣੀ ਹੋ ਗਈ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਹਸਪਤਾਲਾਂ ਵਿਚ ਗੈਰ-ਜ਼ਰੂਰੀ ਪ੍ਰਕਿਰਿਆਵਾਂ ਨੂੰ ਸੀਮਿਤ ਕਰਨ ਲਈ ਹਾਲ ਹੀ ਵਿਚ ਸਿਹਤ ਵਿਭਾਗ ਨੂੰ ਅਧਿਕਾਰਤ ਕੀਤਾ ਹੈ ਅਤੇ ਸਿਹਤ ਕਾਮਿਆਂ ਦੀ ਘਾਟ ਵਰਗੀਆਂ ਸਮੱਸਿਆਵਾਂ ਤੇ ਲਾਗ ਦੇ ਵਧਦੇ ਮਾਮਲਿਆਂ ਕਰ ਕੇ ਦਬਾਅ ਝੱਲ ਰਹੇ ਸਿਹਤ ਕੇਂਦਰਾਂ ਦੀ ਮਦਦ ਲਈ ਕੌਮੀ ਗਾਰਡ ਟੀਮਾਂ ਨੂੰ ਤਾਇਨਾਤ ਕੀਤਾ ਹੈ। -ਏਪੀ
ਅਮਰੀਕਾ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਦਿਖਾਉਣੀ ਹੋਵੇਗੀ ਨੈਗੇਟਿਵ ਜਾਂਚ ਰਿਪੋਰਟ
ਵਾਸ਼ਿੰਗਟਨ: ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਸਣੇ ਹੋਰ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਸਾਰੇ ਯਾਤਰੀਆਂ ਲਈ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਨਾਲ ਲੈ ਕੇ ਆਉਣਾ ਜਾਂ ਲਾਗ ਤੋਂ ਉੱਭਰਨ ਦਾ ਸਬੂਤ ਨਾਲ ਲੈ ਕੇ ਆਉਣਾ ਜ਼ਰੂਰੀ ਕਰ ਦਿੱਤਾ ਹੈ। ਇਹ ਨਵਾਂ ਨਿਯਮ 6 ਦਸੰਬਰ ਤੋਂ ਪ੍ਰਭਾਵੀ ਹੋਵੇਗਾ। ਸਿਹਤ ਤੇ ਮਨੁੱਖੀ ਸੇਵਾ ਵਿਭਾਗ ਅਧੀਨ ਆਉਂਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡਸੀ) ਨੇ ਇਹ ਜਾਣਕਾਰੀ ਦਿੱਤੀ। ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇੱਥੇ ਭਾਰਤੀ-ਅਮਰੀਕੀ ਭਾਈਚਾਰੇ ਦੇ ਆਗੂਆਂ ਨੂੰ ਸੂਚਿਤ ਕੀਤਾ, ‘‘ਇਹ ਸੋਧੇ ਹੋਏ ਹੁਕਮ, ਅਮਰੀਕਾ ਆਉਣ ਵਾਲੇ ਜਹਾਜ਼ ਵਿਚ ਸਵਾਰ ਹੋਣ ਵਾਲੇ ਦੋ ਸਾਲ ਜਾਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਦੀ ਜਾਂਚ ਕਰਵਾਉਣੀ ਲਾਜ਼ਮੀ ਬਣਾਉਂਦੇ ਹਨ।’’ ਕਿਸੇ ਵੀ ਦੇਸ਼ ਤੋਂ ਅਮਰੀਕਾ ਲਈ ਰਵਾਨਾ ਹੋਣ ਵਾਲੀਆਂ ਉਡਾਣਾਂ ਲਈ ਜਾਰੀ ਇਸ ਨਵੇਂ ਸੋਧੇ ਹੋਏ ਹੁਕਮ ਮੁਤਾਬਕ ਯਾਤਰੀਆਂ ਨੂੰ ਯਾਤਰਾ ਤੋਂ ਇਕ ਦਿਨ ਪਹਿਲਾਂ ਦੀ ਨੈਗੇਟਿਵ ਜਾਂਚ ਰਿਪੋਰਟ ਦਿਖਾਉਣੀ ਹੋਵੇਗੀ ਜਾਂ ਫਿਰ ਉਨ੍ਹਾਂ ਨੂੰ ਯਾਤਰਾ ਤੋਂ 90 ਦਿਨ ਪਹਿਲਾਂ ਕੋਵਿਡ-19 ਤੋਂ ਉੱਭਰਨ ਦਾ ਪ੍ਰਮਾਣ ਦਿਖਾਉਣਾ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਹਵਾਈ ਯਾਤਰੀਆਂ ਨੂੰ ਇਕ ਤਸਦੀਕਸ਼ੁਦਾ ਫਾਰਮ ਵਿਚ ਇਹ ਪੁਸ਼ਟੀ ਵੀ ਕਰਨੀ ਹੋਵੇਗੀ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਸਹੀ ਹੈ।’’ -ਪੀਟੀਆਈ