ਲਾਹੌਰ: ਪਾਕਿਸਤਾਨ ਵਿਚਲੇ ਪੰਜਾਬ ਦੀ ਸਰਕਾਰ ਨੇ ਕਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਅੱਜ ਸੂਬੇ ਵਿੱਚ 10 ਦਿਨ ਦਾ ਲੌਕਡਾਊਨ ਲਾਗੂ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਕਿਹਾ ਕਿ ਪਹਿਲੀ ਅਗਸਤ ਨੂੰ ਮਨਾਈ ਜਾਣ ਵਾਲੀ ਈਦ ਦੌਰਾਨ ਕਰੋਨਾਵਾਇਰਸ ਦੇ ਮਾਮਲਿਆਂ ’ਚ ਵਾਧਾ ਹੋਣ ਤੋਂ ਰੋਕਣ ਲਈ ਸੂਬੇ ਵਿਚ ਮੁੜ ਤੋਂ ਲੌਕਡਾਊਨ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸ੍ਰੀ ਬੁਜ਼ਦਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਦੋ ਮਹੀਨੇ ਪਹਿਲਾਂ ਈਦ-ਉਲ-ਫਿਤਰ ਦੌਰਾਨ ਕਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਣ ਦਾ ਸਾਨੂੰ ਕੌੜਾ ਤਜ਼ਰਬਾ ਹੈ। ਅਸੀਂ ਦੁਬਾਰਾ ਈਦ-ਊਲ ਜ਼ੁਹਾ ਦੌਰਾਨ ਇਹ ਨਹੀਂ ਹੋਣ ਦੇ ਸਕਦੇ।’’ ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ਪਿਛਲੇ ਚਾਰ ਮਹੀਨਿਆਂ ਵਿੱਚ ਅੱਜ ਪਹਿਲੀ ਵਾਰ ਪੰਜਾਬ ’ਚ ਕੋਈ ਮੌਤ ਨਹੀਂ ਹੋਈ। -ਪੀਟੀਆਈ