ਹਾਂਗਕਾਂਗ, 8 ਮਈ
ਹਾਂਗਕਾਂਗ ਦੇ ਲੋਕਤੰਤਰ ਪੱਖੀ ਅੰਦੋਲਨ ਨੂੰ ਦਬਾਉਣ ਵਾਲੇ ਸੁਰੱਖਿਆ ਮੁਖੀ ਜੌਹਨ ਲੀ ਨੂੰ ਸ਼ਹਿਰ ਦਾ ਅਗਲਾ ਮੁੱਖ ਕਾਰਜਕਾਰੀ ਆਗੂ ਚੁਣ ਲਿਆ ਗਿਆ ਹੈ। ਪੇਈਚਿੰਗ ਪੱਖੀ ਕਮੇਟੀ ਵੱਲੋਂ ਐਤਵਾਰ ਨੂੰ ਵੋਟਾਂ ਪਾਈਆਂ ਗਈਆਂ। ਲੀ ਇਕਲੌਤਾ ਉਮੀਦਵਾਰ ਸੀ ਜਿਸ ਨੂੰ 99 ਫ਼ੀਸਦੀ ਤੋਂ ਵੱਧ ਵੋਟਾਂ ਮਿਲੀਆਂ। ਚੋਣ ਕਮੇਟੀ ’ਚ ਕਰੀਬ 1500 ਮੈਂਬਰ ਸ਼ਾਮਲ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਚੀਨ ਸਮਰਥਕ ਹਨ ਅਤੇ ਲੀ ਨੂੰ 1416 ਵੋਟਾਂ ਮਿਲੀਆਂ। ਉਹ ਪਹਿਲੀ ਜੁਲਾਈ ਨੂੰ ਮੌਜੂਦਾ ਆਗੂ ਕੈਰੀ ਲੈਮ ਦੀ ਥਾਂ ਲਵੇਗਾ। ਲੈਮ ਨੇ ਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਚੋਣ ਨਤੀਜੇ ਪੇਈਚਿੰਗ ਨੂੰ ਸੌਂਪੇਗੀ। -ਏਪੀ