ਪੇਈਚਿੰਗ, 9 ਨਵੰਬਰ
ਚੀਨ ਨੇ ਅੱਜ ਕਿਹਾ ਕਿ ਉਹ ਅਫ਼ਗਾਨਿਸਤਾਨ ਮੁੱਦੇ ’ਤੇ ਭਾਰਤ ਵੱਲੋਂ ਕਰਵਾਏ ਜਾ ਰਹੇ ਸੁਰੱਖਿਆ ਸੰਵਾਦ ਵਿਚ ‘ਸਮੇਂ ਨਾਲ ਜੁੜੇ ਕਾਰਨਾਂ’ ਕਰ ਕੇ ਹਿੱਸਾ ਨਹੀਂ ਲੈ ਸਕੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਮੀਡੀਆ ਨੂੰ ਦੱਸਿਆ ਕਿ ਮੀਟਿੰਗ ਦੇ ਸਮੇਂ ਸਬੰਧੀ ਕੁਝ ਮੁਸ਼ਕਲਾਂ ਹਨ, ਇਸ ਲਈ ਚੀਨ ਹਿੱਸਾ ਨਹੀਂ ਲੈ ਸਕੇਗਾ। ਉਹ ਪਹਿਲਾਂ ਹੀ ਭਾਰਤ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਹਨ। ‘ਦਿੱਲੀ ਖੇਤਰੀ ਸੁਰੱਖਿਆ ਸੰਵਾਦ’ ਵਿਚ ਰੂਸ, ਇਰਾਨ ਤੇ ਪੰਜ ਹੋਰ ਕੇਂਦਰੀ ਏਸ਼ਿਆਈ ਮੁਲਕਾਂ ਦੇ ਨੁਮਾਇੰਦੇ ਹਿੱਸਾ ਲੈਣਗੇ। ਇਸ ਮੌਕੇ ਅਫ਼ਗਾਨਿਸਤਾਨ ਵਿਚ ਅਤਿਵਾਦ ਦੇ ਵਧੇ ਖ਼ਤਰੇ, ਕੱਟੜਵਾਦ ਤੇ ਡਰੱਗ ਤਸਕਰੀ ਬਾਰੇ ਚਰਚਾ ਕੀਤੀ ਜਾਵੇਗੀ। ਇਹ ਮੁਲਕ ਅਮਲੀ ਸਹਿਯੋਗ ਤੇ ਸਾਂਝੀ ਪਹੁੰਚ ਅਪਣਾਉਣ ਉਤੇ ਜ਼ੋਰ ਦੇਣਗੇ ਤਾਂ ਕਿ ਇਨ੍ਹਾਂ ਖ਼ਤਰਿਆਂ ਦਾ ਸਾਹਮਣਾ ਕੀਤਾ ਜਾ ਸਕੇ। ਇਸ ਸੰਵਾਦ ਦੀ ਅਗਵਾਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਕਰਨਗੇ। ਇਸ ਵਿਚ ਕਜ਼ਾਖ਼ਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਦੇ ਚੋਟੀ ਦੇ ਸੁਰੱਖਿਆ ਅਧਿਕਾਰੀ ਹਿੱਸਾ ਲੈਣਗੇ। ਇਨ੍ਹਾਂ ਮੁਲਕਾਂ ਵੱਲੋਂ ਇਸ ਸੰਵਾਦ ਵਿਚ ਐਨਐੱਸਏ ਜਾਂ ਸਕੱਤਰ ਪੱਧਰ ਦੇ ਅਧਿਕਾਰੀ ਹਿੱਸਾ ਲੈਣਗੇ। ਉੱਚ ਪੱਧਰੀ ਸੰਵਾਦ ਵਿਚ ਖੇਤਰ ਦੀ ਸੁਰੱਖਿਆ ਸਥਿਤੀ, ਚੁਣੌਤੀਆਂ ਨਾਲ ਨਜਿੱਠਣ, ਅਫ਼ਗਾਨਿਸਤਾਨ ਵਿਚ ਲੋਕਾਂ ਦੀ ਮਦਦ, ਸ਼ਾਂਤੀ-ਸਥਿਰਤਾ ਕਾਇਮ ਕਰਨ ਉਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਚੀਨ, ਪਾਕਿਸਤਾਨ ਤੇ ਰੂਸ ਨਾਲ ਰਲ ਕੇ ਅਫ਼ਗਾਨ ਤਾਲਿਬਾਨ ਨਾਲ ਨੇੜਿਓਂ ਰਾਬਤਾ ਕਰ ਰਿਹਾ ਹੈ। ਹਾਲਾਂਕਿ ਇਨ੍ਹਾਂ ਉੱਥੇ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੱਤੀ ਹੈ। ਪਿਛਲੇ ਮਹੀਨੇ ਚੀਨ ਦੇ ਵਿਦੇਸ਼ ਮੰਤਰੀ ਨੇ ਤਾਲਿਬਾਨ ਦੇ ਅੰਤ੍ਰਿਮ ਪ੍ਰਸ਼ਾਸਕ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨਾਲ ਦੋਹਾ ਵਿਚ ਮੁਲਾਕਾਤ ਵੀ ਕੀਤੀ ਸੀ। -ਪੀਟੀਆਈ
‘ਪੈਂਟਾਗਨ ਰਿਪੋਰਟ ਵਿਚਲਾ ਪਿੰਡ ਚੀਨ ਦੇ ਕਬਜ਼ੇ ਹੇਠਲੇ ਖੇਤਰ ’ਚ ਸਥਿਤ’
ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਸੈਕਟਰ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਚੀਨ ਵੱਲੋਂ ਉਸਾਰੇ ਗਏ ਪਿੰਡ ਬਾਰੇ ਰੱਖਿਆ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਖੇਤਰ ਪਹਿਲਾਂ ਤੋਂ ਹੀ ਚੀਨ ਦੇ ਕਬਜ਼ੇ ਹੇਠ ਹੈ। ਇਸ ਪਿੰਡ ਦਾ ਜ਼ਿਕਰ ਅਮਰੀਕੀ ਰੱਖਿਆ ਹੈੱਡਕੁਆਰਟਰ ‘ਪੈਂਟਾਗਨ’ ਦੀ ਇਕ ਰਿਪੋਰਟ ਵਿਚ ਕੀਤਾ ਗਿਆ ਸੀ। ਪੈਂਟਾਗਨ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਇਹ ਵੱਡਾ ਪਿੰਡ ਵਿਵਾਦਤ ਅਰੁਣਾਚਲ ਪ੍ਰਦੇਸ਼ ਸੈਕਟਰ ਵਿਚ ਉਸਾਰਿਆ ਗਿਆ ਹੈ। ਇਕ ਸੂਤਰ ਨੇ ਕਿਹਾ ਕਿ ਵਿਵਾਦਤ ਸਰਹੱਦ ਦੇ ਨਾਲ ਸਥਿਤ ਪਿੰਡ ਜੋ ਕਿ ਸੁਬਾਨਸਿਰੀ ਜ਼ਿਲ੍ਹੇ ਵਿਚ ਹੈ, ਉਸ ਖੇਤਰ ਵਿਚ ਪੈਂਦਾ ਹੈ ਜਿਸ ’ਤੇ ਚੀਨ ਕਾਬਜ਼ ਹੈ। ਉਨ੍ਹਾਂ ਦੀ ਕਈ ਸਾਲਾਂ ਤੋਂ ਇੱਥੇ ਫ਼ੌਜੀ ਚੌਕੀ ਹੈ ਤੇ ਚੀਨ ਵੱਲੋਂ ਇੱਥੇ ਕੀਤੀਆਂ ਗਈਆਂ ਉਸਾਰੀਆਂ ਥੋੜ੍ਹੇ ਹੀ ਸਮੇਂ ਵਿਚ ਨਹੀਂ ਹੋਈਆਂ ਹਨ। ਇਹ ਲੰਮੇ ਵਕਫ਼ੇ ਦੌਰਾਨ ਹੋਈਆਂ ਹਨ। ਸੂਤਰਾਂ ਨੇ ਕਿਹਾ ਕਿ ਚੀਨ ਨੇ ਉਸ ਇਲਾਕੇ ਵਿਚ ਪਿੰਡ ਬਣਾਇਆ ਹੈ ਜੋ ਕਿ ਛੇ ਦਹਾਕੇ ਤੋਂ ਉਸ ਕੋਲ ਹੈ। ਉਨ੍ਹਾਂ ਕਿਹਾ ਕਿ ਪੀਪਲਜ਼ ਲਬਿਰੇਸ਼ਨ ਆਰਮੀ ਨੇ ਅਸਾਮ ਰਾਈਫਲਜ਼ ਦੀ ਇਕ ਪੋਸਟ 1959 ਵਿਚ ਖੋਹ ਲਈ ਸੀ ਤੇ ਉੱਥੇ ਹੀ ਇਹ ਪਿੰਡ ਹੈ। ਇਸ ਅਪਰੇਸ਼ਨ ਨੂੰ ‘ਲੌਂਗਜੂ’ ਘਟਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਇਹ ਅਰੁਣਾਚਲ ਨਾਲ ਲੱਗਦੀ ਸਰਹੱਦ ਉਤੇ ਵਾਪਰੀ ਸੀ। -ਪੀਟੀਆਈ
ਚੀਨ ਨੇ ਪਾਕਿਸਤਾਨ ਨੂੰ ਸਭ ਤੋਂ ਵੱਡਾ ਆਧੁਨਿਕ ਜੰਗੀ ਬੇੜਾ ਦਿੱਤਾ
ਪੇਈਚਿੰਗ: ਚੀਨ ਨੇ ਪਾਕਿਸਤਾਨ ਨੂੰ ਆਪਣਾ ਸਭ ਤੋਂ ਵੱਡਾ ਅਤੇ ਸਭ ਤੋਂ ਆਧੁਨਿਕ ਜੰਗੀ ਬੇੜਾ ਦਿੱਤਾ ਹੈ। ਚੀਨ ਵੱਲੋਂ ਇਹ ਕਦਮ ਅਰਬ ਸਾਗਰ ਅਤੇ ਹਿੰਦ ਮਹਾਸਾਗਰ ਵਿੱਚ ਆਪਣੇ ਸਾਥੀ ਦੇਸ਼ ਦੀ ਤਾਕਤ ਵਧਾਉਣ ਦੇ ਮਨੋਰਥ ਨਾਲ ਚੁੱਕਿਆ ਗਿਆ ਹੈ। ਇਸ ਖੇਤਰ ਵਿੱਚ ਚੀਨ ਨੇ ਹਾਲੀਆ ਵਰ੍ਹਿਆਂ ਦੌਰਾਨ ਆਪਣੀ ਜਲ ਸੈਨਾ ਦੀ ਮੌਜੂਦਗੀ ਕਾਫ਼ੀ ਜ਼ਿਆਦਾ ਵਧਾਈ ਹੈ। ਸੀਐੱਸਐੱਸਸੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਚੀਨ ਸਟੇਟ ਸ਼ਿਪਬਿਲਡਿੰਗ ਕਾਰਪੋਰੇਸ਼ਨ ਲਿਮਟਿਡ (ਸੀਐੱਸਐੱਸਸੀ) ਵੱਲੋਂ ਤਿਆਰ ਜੰਗੀ ਬੇੜਾ ਸ਼ੰਘਾਈ ਵਿੱਚ ਸਮਾਗਮ ਦੌਰਾਨ ਪਾਕਿਸਤਾਨ ਦੀ ਜਲ ਸੈਨਾ ਨੂੰ ਸੌਂਪਿਆ ਗਿਆ। ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਵਿੱਚ ਅੱਜ ਛਪੀ ਖ਼ਬਰ ਮੁਤਾਬਕ ਦਿ ਟਾਈਪ 054ਏ/ਪੀ ਜੰਗੀ ਬੇੜੇ ਨੂੰ ਪੀਐੱਨਐੱਸ ਤੁਗਰਿਲ ਨਾਮ ਦਿੱਤਾ ਗਿਆ ਹੈ। ਚੀਨ ਸਬੰਧੀ ਪਾਕਿਸਤਾਨੀ ਸਫੀਰ ਮੋਇਨ ਉਲ ਹੱਕ ਨੇ ਕਿਹਾ ਕਿ ਪੀਐੱਨਐੱਸ ਤੁਗਰਿਲ ਦੇ ਚੱਲਣ ਨਾਲ ਹਿੰਦ ਮਹਾਸਾਗਰ ਵਿੱਚ ਤਾਕਤ ਦਾ ਸੰਤੁਲਨ ਯਕੀਨੀ ਬਣੇਗਾ। -ਪੀਟੀਆਈ