ਕਾਠਮੰਡੂ, 11 ਅਗਸਤ
ਵਿਦੇਸ਼ ਮੰਤਰੀ ਨਾਰਾਇਣ ਖੜਕਾ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ, ਜਿਸ ਮਗਰੋਂ ਚੀਨ ਨੇ ਨੇਪਾਲ ਦੇ ਹਿਮਾਲਿਆਈ ਖੇਤਰ ਦੇ ਵੱਖ ਵੱਖ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਨ ਲਈ 15 ਅਰਬ ਰੁਪਏ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਖੜਕਾ ਨੇ ਚੀਨ ਦੇ ਦੌਰੇ ਦੌਰਾਨ ਬੁੱਧਵਾਰ ਨੂੰ ਪੂਰਬੀ ਚੀਨ ਦੇ ਸ਼ਹਿਰ ਕਿੰਗਦਾਓ ਵਿੱਚ ਵਾਂਗ ਨਾਲ ਮੁਲਾਕਾਤ ਕੀਤੀ। ਨੇਪਾਲ ਦੇ ਵਿਦੇਸ਼ ਮੰਤਰੀ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ, ‘‘ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਨੇਪਾਲ-ਚੀਨ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਪਹਿਲੂਆਂ ਦਾ ਜਾਇਜ਼ਾ ਲਿਆ ਅਤੇ ਵਪਾਰ, ਨਿਵੇਸ਼, ਸਿਹਤ, ਸੈਰ-ਸਪਾਟਾ, ਖੇਤੀ, ਗਰੀਬੀ ਖ਼ਤਮ ਕਰਨ, ਆਫ਼ਤ ਪ੍ਰਬੰਧਨ, ਸਿੱਖਿਆ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ।’’ -ਪੀਟੀਆਈ