ਪੇਈਚਿੰਗ, 29 ਅਪਰੈਲ
ਮੁੱਖ ਅੰਸ਼
- ਚੀਨ ਨੂੰ ਭਾਰਤ ਵੱਲੋਂ ਭੇਜੀ ਜਾਣ ਵਾਲੀ ਸੂਚੀ ਦੀ ਉਡੀਕ
- ਕਰੋਨਾ ਕਾਰਨ ਹਜ਼ਾਰਾਂ ਵਿਦਿਆਰਥੀਆਂ ਨੂੰ ਪਰਤਣਾ ਪਿਆ ਸੀ ਭਾਰਤ
ਚੀਨ ਨੇ ਅੱਜ ਕਿਹਾ ਹੈ ਕਿ ਉਹ ਕੋਵਿਡ ਕਾਰਨ ਦੋ ਸਾਲਾਂ ਤੋਂ ਪੜ੍ਹਾਈ ਲਈ ਨਾ ਪਰਤ ਸਕਣ ਵਾਲੇ ‘ਕੁਝ’ ਭਾਰਤੀ ਵਿਦਿਆਰਥੀਆਂ ਨੂੰ ਚੀਨ ਆਉਣ ਦੀ ਇਜਾਜ਼ਤ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ ਉਡਾਣਾਂ ਤੇ ਵੀਜ਼ਾ ਸਬੰਧੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਗਈਆਂ ਸਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਮੀਡੀਆ ਨੂੰ ਦੱਸਿਆ ਕਿ ਉਹ ਚੀਨ ਪਰਤਣ ਬਾਰੇ ਭਾਰਤੀ ਵਿਦਿਆਰਥੀਆਂ ਦੇ ਫ਼ਿਕਰ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਭਾਰਤ ਸਰਕਾਰ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਦੂਜੇ ਮੁਲਕਾਂ ਦੇ ਵਿਦਿਆਰਥੀਆਂ ਦੇ ਤਜਰਬਿਆਂ ਬਾਰੇ ਵੀ ਦੱਸਿਆ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਯਕੀਨੀ ਬਣਾਉਣ ਲਈ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ। ਚੀਨੀ ਧਿਰ ਹੁਣ ਭਾਰਤ ਵੱਲੋਂ ਭੇਜੀ ਜਾਣ ਵਾਲੀ ਵਿਦਿਆਰਥੀਆਂ ਦੀ ਸੂਚੀ ਉਡੀਕ ਰਹੀ ਹੈ। ਇਸ ਸੂਚੀ ਵਿਚ ਉਹ ਵਿਦਿਆਰਥੀ ਸ਼ਾਮਲ ਹੋਣਗੇ ਜਿਨ੍ਹਾਂ ਦਾ ਪੜ੍ਹਾਈ ਖ਼ਤਮ ਕਰਨ ਲਈ ਚੀਨ ਆਉਣਾ ਬਹੁਤ ਜ਼ਰੂਰੀ ਹੈ। ਕੁਝ ਰਿਪੋਰਟਾਂ ਮੁਤਾਬਕ 23 ਹਜ਼ਾਰ ਤੋਂ ਵੱਧ ਵਿਦਿਆਰਥੀ ਜੋ ਕਿ ਜ਼ਿਆਦਾਤਰ ਚੀਨ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ, ਭਾਰਤ ਵਿਚ ਹੀ ਫ਼ਸ ਗਏ ਸਨ ਤੇ ਵਾਪਸ ਨਹੀਂ ਜਾ ਸਕੇ। ਉੱਥੇ ਕੰਮ ਕਰਨ ਵਾਲੇ ਕਈ ਭਾਰਤੀਆਂ ਦੇ ਪਰਿਵਾਰ ਵੀ ਪਾਬੰਦੀਆਂ ਕਾਰਨ ਭਾਰਤ ਵਿਚ ਫਸੇ ਹੋਏ ਹਨ ਤੇ ਚੀਨ ਜਾਣ ਤੋਂ ਅਸਮਰੱਥ ਹਨ। -ਪੀਟੀਆਈ