ਪੇਈਚਿੰਗ, 11 ਅਗਸਤ
ਪਿਛਲੇ ਇਕ ਹਫ਼ਤੇ ਤੋਂ ਜਾਰੀ ਤਲਖੀ ਦਰਮਿਆਨ ਚੀਨ ਨੇ ਟਾਪੂਨੁਮਾ ਮੁਲਕ ਤਾਇਵਾਨ ’ਤੇ ਹਮਲੇ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਉਧਰ ਤਾਇਵਾਨ ਨੇ ਵੀ ਆਪਣੀਆਂ ਫੌਜੀ ਮਸ਼ਕਾਂ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈਨਬਿਨ ਨੇ ਕਿਹਾ ਕਿ ਤਾਇਵਾਨ ਵੱਲੋਂ ਬਾਹਰੀ ਤਾਕਤਾਂ ਦੀ ਮਦਦ ਨਾਲ ਆਜ਼ਾਦੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੇ ਭੜਕਾਹਟ ਨਾਲ ਇਸ ਟਾਪੂਨੁਮਾ ਮੁਲਕ ਦਾ ਆਪਣਾ ਹੀ ਨੁਕਸਾਨ ਹੋਵੇਗਾ ਤੇ ਇਹ ਤਾਇਵਾਨ ਨੂੰ ਤਬਾਹੀ ਦੇ ਨਰਕ ਵਿੱਚ ਧੱਕੇਗਾ। ਵੈਂਗ ਨੇ ਪੱਤਰਕਾਰਾਂ ਨੂੰ ਕਿਹਾ, ‘‘ਤਾਇਵਾਨ ਦੀ ਆਜ਼ਾਦੀ ਦੀ ਪੈਰਵੀ ਕਰਨ ਨਾਲ ਕੁਝ ਨਹੀਂ ਹੋਣਾ। ਇਨ੍ਹਾਂ ਯਤਨਾਂ ਨੂੰ ਬੂਰ ਨਹੀਂ ਪੈਣੇ। ਕੌਮੀ ਹਿੱਤਾਂ ਨੂੰ ਵੇਚਣ ਦੀ ਕੋਈ ਵੀ ਕੋਸ਼ਿਸ਼ ਪੂਰੀ ਤਰ੍ਹਾਂ ਨਾਕਾਮ ਰਹੇਗੀ।’’ ਚੇਤੇ ਰਹੇ ਕਿ ਪੇਈਚਿੰਗ ਦੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਤਾਇਵਾਨ ਦਾ ਦੌਰਾ ਕੀਤਾ ਸੀ। ਪੇਲੋਸੀ ਦੀ ਫੇਰੀ ਦੇ ਰੋਸ ਵਜੋਂ ਚੀਨ ਨੇ ਫ਼ੌਜੀ ਮਸ਼ਕਾਂ ਰਾਹੀਂ ਤਾਇਵਾਨ ਦੇ ਜਲਡਮਰੂ ਖੇਤਰ ਤੇ ਪ੍ਰਸ਼ਾਂਤ ਸਾਗਰ ਨੂੰ ਨਿਸ਼ਾਨਾ ਬਣਾਇਆ ਸੀ। -ਏਪੀ
ਯੂਕੇ ਵੱਲੋਂ ਚੀਨੀ ਰਾਜਦੂਤ ਤਲਬ
ਲੰਡਨ: ਯੂਕੇ ਨੇ ਪੇਈਚਿੰਗ ਦੇ ਤਾਇਵਾਨ ਪ੍ਰਤੀ ‘ਹਮਲਾਵਰ ਰਵੱਈਏ’ ਨੂੰ ਲੈ ਕੇ ਅੱਜ ਚੀਨੀ ਰਾਜਦੂਤ ਨੂੰ ਸੰਮਨ ਕੀਤਾ। ਯੁੂਕੇ ਨੇ ਰਾਜਦੂਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਖਰੇਵਿਆਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਨਜਿੱਠਣ। ਯੂਕੇ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਆਪਣੇ ਜੂਨੀਅਰ ਮੰਤਰੀ ਨੂੰ ਚੀਨੀ ਰਾਜਦੂਤ ਨੂੰ ਸੰਮਨ ਕਰਨ ਲਈ ਕਿਹਾ ਸੀ। ਟਰੱਸ ਨੇ ਕਿਹਾ, ‘‘ਅਸੀਂ ਹਾਲੀਆ ਮਹੀਨਿਆਂ ਵਿੱਚ ਪੇਈਚਿੰਗ ਦੇ ਹਮਲਾਵਰ ਰਵੱਈਏ ਨੂੰ ਵਧਦਾ ਵੇਖਿਆ ਹੈ, ਜੋ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਲਈ ਵੰਗਾਰ ਹੈ।’’ -ਪੀਟੀਆਈ
ਚੀਨ ਨੂੰ ਦਬਾਅ ਬਣਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ: ਪੇਲੋਸੀ
ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਉਹ ਚੀਨ ਨੂੰ ਫੌਜੀ ਮਸ਼ਕਾਂ ਰਾਹੀਂ ਤਾਇਵਾਨ ’ਤੇ ਦਬਾਅ ਬਣਾਉਣ ਦੀ ਇਜਾਜ਼ਤ ਨਹੀਂ ਦੇਣਗੇ। ਪੇਲੋਸੀ ਨੇ ਚੀਨ ਦੀਆਂ ਭੜਕਾਊ ਮਸ਼ਕਾਂ ਦੇ ਹਵਾਲੇ ਨਾਲ ਕਿਹਾ, ‘‘ਚੀਨ ਨਵੇਂ ਤਰ੍ਹਾਂ ਦੀਆਂ ਮਿਸਾਲਾਂ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਅਤੇ ਅਸੀਂ ਇਹ ਸਭ ਕੁਝ ਨਹੀਂ ਹੋਣ ਦੇ ਸਕਦੇ।’’ ਚੀਨ ਦੀ ਫੌਜੀ ਮਸ਼ਕਾਂ ਵਿੱਚ ਸੈਂਕੜੇ ਜੰਗੀ ਜਹਾਜ਼, ਪ੍ਰਮਾਣੂ ਪਣਡੁੱਬੀ ਸਣੇ ਜਲਸੈਨਾ ਦੇ ਦਰਜਨਾਂ ਬੇੜੇ ਸ਼ਾਮਲ ਹਨ।’’ ਪੇਲੋਸੀ ਨੇ ਕਿਹਾ, ‘‘ਅਸੀਂ ਉਥੇ ਚੀਨ ਬਾਰੇ ਗੱਲਬਾਤ ਕਰਨ ਲਈ ਨਹੀਂ ਗਏ ਸੀ। ਅਸੀਂ ਤਾਇਵਾਨ ਦੀ ਵਡਿਆਈ ਲਈ ਉਥੇ ਗਏ। ਅਸੀਂ ਆਪਣੀ ਦੋਸਤੀ ਵਿਖਾਉਣ ਤੇ ਇਹ ਕਹਿਣ ਲਈ ਗਏ ਸੀ ਕਿ ‘ਚੀਨ, ਤਾਇਵਾਨ ਨੂੰ ਕੁੱਲ ਆਲਮ ਨਾਲੋਂ ਤੋੜ ਕੇ ਨਹੀਂ ਰੱਖ ਸਕਦਾ।’’ -ਪੀਟੀਆਈ