ਪੇਈਚਿੰਗ, 22 ਫਰਵਰੀ
ਚੀਨ ਨੇ ਇਸ ਸਾਲ ਭਾਰਤ ਵੱਲੋਂ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਦੀ ਹਮਾਇਤ ਕੀਤੀ ਹੈ। ਚੀਨ ਨੇ ਕਿਹਾ ਕਿ ਉਹ ਪੰਜ ਉੱਭਰਦੇ ਅਰਥਚਾਰਿਆਂ ਦੀ ਜਥੇਬੰਦੀ ਬ੍ਰਿਕਸ ’ਚ ਸਹਿਯੋਗ ਮਜ਼ਬੂਤ ਕਰਨ ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤ ਇਸ ਸਾਲ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ ਦੀ ਜਥੇਬੰਦੀ ਬ੍ਰਿਕਸ ਦੀ ਪ੍ਰਧਾਨਗੀ ਕਰੇਗਾ। ਭਾਰਤ ਦੀ ਤਿਆਰੀ ਬ੍ਰਿਕਸ ਦੇ ਸਾਲਾਨਾ ਸੰਮੇਲਨ ਦੀ ਮੇਜ਼ਬਾਨੀ ਕਰਨ ਦੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 19 ਫਰਵਰੀ ਨੂੰ ਨਵੀਂ ਦਿੱਲੀ ਸਥਿਤ ਸੁਸ਼ਮਾ ਸਵਰਾਜ ਭਵਨ ਸਥਿਤ ਬ੍ਰਿਕਸ ਸਕੱਤਰੇਤ ’ਚ ਬ੍ਰਿਕਸ-2021 ਵੈਬਸਾਈਟ ਦੀ ਸ਼ੁਰੂਆਤ ਕੀਤੀ ਸੀ। ਇਸ ਸਾਲ ਬ੍ਰਿਕਸ ਦੀ ਪ੍ਰਧਾਨਗੀ ਭਾਰਤ ਵੱਲੋਂ ਸੰਭਾਲੇ ਜਾਣ ਬਾਰੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਪੇਈਚਿੰਗ, ਨਵੀਂ ਦਿੱਲੀ ਦੀ ਮੇਜ਼ਬਾਨੀ ’ਚ ਸਿਖਰ ਸੰਮੇਲਨ ਕਰਵਾਏ ਜਾਣ ਦੀ ਹਮਾਇਤ ਕਰੇਗਾ। ਉਨ੍ਹਾਂ ਕਿਹਾ, ‘ਉਭਰਦੇ ਅਰਥਚਾਰਿਆਂ ਤੇ ਵਿਕਾਸਸ਼ੀਲ ਦੇਸ਼ਾਂ ਦੇ ਆਲਮੀ ਪ੍ਰਭਾਵ ਨਾਲ ਬ੍ਰਿਕਸ ਸਹਿਯੋਗ ਪ੍ਰਣਾਲੀ ਹੈ। ਹਾਲ ਹੀ ਦੇ ਸਾਲਾਂ ’ਚ ਇਕਜੁੱਟਤਾ ਤੇ ਵਿਹਾਰਕ ਸਹਿਯੋਗ ਦੇ ਚੰਗੇ ਅਸਰ ਦੇਖਣ ਨੂੰ ਮਿਲੇ ਹਨ।’ ਉਨ੍ਹਾਂ ਕਿਹਾ ਕਿ ਉਹ ਦ੍ਰਿੜ੍ਹ ਇਕਜੁੱਟਤਾ ਤੇ ਸਹਿਯੋਗ ਲਈ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਨ। ਹਾਲਾਂਕਿ ਵਾਂਗ ਨੇ ਸਪੱਸ਼ਟ ਨਹੀਂ ਕੀਤਾ ਕਿ ਇਸ ਸਾਲ ਹੋਣ ਵਾਲੇ ਇਸ ਸੰਮੇਲਨ ’ਚ ਰਾਸ਼ਟਰਪਤੀ ਸ਼ੀ ਚਿਨਪਿੰਗ ਸ਼ਾਮਲ ਹੋਣਗੇ ਜਾਂ ਨਹੀਂ। -ਪੀਟੀਆਈ