ਸੰਯੁਕਤ ਰਾਸ਼ਟਰ, 19 ਅਕਤੂਬਰ
ਚੀਨ ਨੇ ਲਸ਼ਕਰ-ਏ-ਤਇਬਾ ਆਗੂ ਸ਼ਾਹਿਦ ਮਹਿਮੂਦ ਅਤੇ ਲਸ਼ਕਰ-ਏ-ਤਇਬਾ ਦੇ ਮੁਖੀ ਹਾਫਿਜ਼ ਸਈਦ ਦੇ ਪੁੱਤਰ ਹਾਫਿਜ਼ ਤਲਹਾ ਸਈਦ ਦੇ ਨਾਮ ਆਲਮੀ ਦਹਿਸ਼ਤਗਰਦਾਂ ਦੀ ਸੂਚੀ ਵਿਚ ਸ਼ਾਮਲ ਕੀਤੇ ਜਾਣ ਬਾਰੇ ਭਾਰਤ ਤੇ ਅਮਰੀਕਾ ਦੀ ਸੰਯੁਕਤ ਰਾਸ਼ਟਰ ਵਿੱਚ ਰੱਖੀ ਤਜਵੀਜ਼ ’ਤੇ ਫਿਰ ਰੋਕ ਲਾ ਦਿੱਤੀ ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਚੌਥੀ ਵਾਰ ਹੈ ਜਦੋਂ ਪੇਈਚਿੰਗ ਨੇ ਪਾਕਿਸਤਾਨ ਅਧਾਰਿਤ ਦਹਿਸ਼ਤਗਰਦਾਂ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕਰਨ ਲਈ ਆਲਮੀ ਜਥੇਬੰਦੀ ਵਿੱਚ ਕੀਤੇ ਯਤਨਾਂ ’ਚ ਅੜਿੱਕਾ ਡਾਹਿਆ ਹੈ। ਜਾਣਕਾਰੀ ਅਨੁਸਾਰ ਚੀਨ, ਜੋ ਕਿ ਪਾਕਿਸਤਾਨ ਦਾ ਗੂੜਾ ਮਿੱਤਰ ਹੈ, ਨੇ ਭਾਰਤ ਤੇ ਅਮਰੀਕਾ ਵੱਲੋਂ ਮਹਿਮੂਦ (42) ਨੂੰ ਯੂਐੱਨ ਸੁਰੱਖਿਆ ਕੌਂਸਲ ਦੀ 1267 ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਤਹਿਤ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ’ਤੇ ਅਮਲ ਨੂੰ ਰੋਕ ਦਿੱਤਾ ਹੈ। ਅਮਰੀਕਾ ਦੇ ਖ਼ਜ਼ਾਨਾ ਵਿਭਾਗ ਨੇ ‘ਲਸ਼ਕਰ-ਏ-ਤਇਬਾ’ ਨੂੰ ਮਿਲਦੇ ਫ਼ੰਡਾਂ ਤੇ ਹਮਾਇਤੀ ਤਾਣੇ-ਬਾਣੇ ਨੂੰ ਤੋੜਨ ਦੇ ਇਰਾਦੇ ਨਾਲ ਦਸੰਬਰ 2016 ਵਿੱਚ ਸ਼ਾਹਿਦ ਮਹਿਮੂਦ ਤੇ ਇਕ ਹੋਰ ਲਸ਼ਕਰ ਆਗੂ ਮੁਹੰਮਦ ਸਰਵਰ ਨੂੰ ਦਹਿਸ਼ਤਗਰਦ ਮਨੋਨੀਤ ਕੀਤਾ ਸੀ। ਚੀਨ ਨੇ ਭਾਰਤ ਤੇ ਅਮਰੀਕਾ ਦੀ ਇਸ ਤਜਵੀਜ਼ ਦੇ ਰਾਹ ’ਚ ਅੜਿੱਕਾ ਅਜਿਹੇ ਮੌਕੇ ਡਾਹਿਆ ਹੈ ਜਦੋਂ ਯੂਐੱਨ ਮੁਖੀ ਅੰਤੋਨੀਓ ਗੁਟੇਰੇਜ਼ 26/11 ਹਮਲਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਮੁੰਬਈ ਵਿੱਚ ਹਨ।
ਅਮਰੀਕਾ ਦੇ ਖ਼ਜ਼ਾਨਾ ਵਿਭਾਗ ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਮੁਤਾਬਕ ਮਹਿਮੂਦ ਕਰਾਚੀ ਅਧਾਰਿਤ ਸੀਨੀਅਰ ਲਸ਼ਕਰ ਮੈਂਬਰ ਹੈ। ਉਹ ਸਾਲ 2007 ਤੋਂ ਇਸ ਜਥੇਬੰਦੀ ਨਾਲ ਜੁੜਿਆ ਹੈ। ਜੂਨ 2015 ਤੋਂ ਜੂਨ 2016 ਦੌਰਾਨ ਮਹਿਮੂਦ ਫਲਹਾ-ਏ-ਇਨਸਾਨੀਅਤ ਫਾਊਂਡੇਸ਼ਨ (ਐੱਫਆਈਐੱਫ) ਦਾ ਉਪ ਚੇਅਰਮੈਨ ਸੀ। 2014 ਵਿੱਚ ਉਹ ਕਰਾਚੀ ’ਚ ਐੱਫਆਈਐੱਫ ਦਾ ਆਗੂ ਸੀ। ਅਗਸਤ 2013 ਵਿੱਚ ਉਸ ਦੀ ਪਛਾਣ ਲਸ਼ਕਰ ਦੇ ਪ੍ਰਕਾਸ਼ਨ ਵਿੰਗ ਦੇ ਮੈਂਬਰ ਵਜੋਂ ਦੱਸੀ ਗਈ ਸੀ।’’ ਚੀਨ ਨੇ ਇਸ ਤੋਂ ਪਹਿਲਾਂ ਜੂਨ ਮਹੀਨੇ ਪਾਕਿ ਅਧਾਰਿਤ ਦਹਿਸ਼ਤਗਰਦ ਅਬਦੁਲ ਰਹਿਮਾਨ ਮੱਕੀ, ਅਗਸਤ ਵਿੱਚ ਜੈਸ਼-ਏ-ਮੁਹੰਮਦ ਦੇ ਅਬਦੁਲ ਰਾਊਫ਼ ਅਜ਼ਹਰ ਤੇ ਸਤੰਬਰ ਵਿੱਚ ਲਸ਼ਕਰ ਦਹਿਸ਼ਤਗਰਦ ਸਾਜਿਦ ਮੀਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਮੌਕੇ ਵੀ ਇਸੇ ਤਰ੍ਹਾਂ ਅੜਿੱਕਾ ਪਾਇਆ ਸੀ। ਮੱਕੀ, ਲਸ਼ਕਰ ਏ ਤਇਬਾ ਮੁਖੀ ਤੇ 26/11 ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦਾ ਨੇੜਲਾ ਰਿਸ਼ਤੇਦਾਰ ਹੈ। -ਪੀਟੀਆਈ