ਪੇਈਚਿੰਗ, 30 ਸਤੰਬਰ
ਚੀਨ ਨੇ ਅਫ਼ਗਾਨਿਸਤਾਨ ਦੀ ਅੰਤਰਿਮ ਤਾਲਿਬਾਨ ਸਰਕਾਰ ਨੂੰ 3.1 ਕਰੋੜ ਡਾਲਰ ਦੀ ਮਾਨਵੀ ਸਹਾਇਤਾ ਦੀ ਪਹਿਲੀ ਖੇਪ ਭੇਜੀ ਹੈ। ਅਫ਼ਗਾਨ ਸਰਕਾਰ ਨੂੰ ਭੇਜੀ ਸਹਾਇਤਾ ’ਚ ਕੰਬਲ, ਜੈਕੇਟਾਂ ਅਤੇ ਹੋਰ ਸਾਮਾਨ ਸ਼ਾਮਲ ਹੈ। ਸਰਕਾਰੀ ਖ਼ਬਰ ਏਜੰਸੀ ਸਿਨਹੁਆ ਮੁਤਾਬਕ ਚੀਨ ਵੱਲੋਂ ਭੇਜਿਆ ਗਿਆ ਸਾਮਾਨ ਬੁੱਧਵਾਰ ਰਾਤ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਾ ਅਤੇ ਅਫ਼ਗਾਨਿਸਤਾਨ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਚੀਨ ਦੇ ਅਫ਼ਗਾਨਿਸਤਾਨ ’ਚ ਸਫ਼ੀਰ ਵਾਂਗ ਯੂ ਅਤੇ ਅਫ਼ਗਾਨ ਸਰਕਾਰ ਦੇ ਸ਼ਰਨਾਰਥੀਆਂ ਮਾਮਲਿਆਂ ਬਾਰੇ ਕਾਰਜਕਾਰੀ ਮੰਤਰੀ ਖਲੀਲ-ਉਰ-ਰਹਿਮਾਨ ਹੱਕਾਨੀ ਮੌਜੂਦ ਸਨ। ਵਾਂਗ ਨੇ ਕਿਹਾ ਕਿ ਕਈ ਮੁਸ਼ਕਲਾਂ ਦੇ ਬਾਵਜੂਦ ਚੀਨ ਥੋੜ੍ਹੇ ਹੀ ਸਮੇਂ ’ਚ ਹੰਗਾਮੀ ਮਾਨਵੀ ਸਹਾਇਤਾ ਸਮੱਗਰੀ ਜੁਟਾਉਣ ’ਚ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਚੀਨ ਹੋਰ ਸਮੱਗਰੀ ਇਕੱਤਰ ਕਰਨ ਦੀਆਂ ਕੋਸ਼ਿਸ਼ਾਂ ਵੀ ਕਰੇਗਾ। ਹੱਕਾਨੀ ਨੇ ਐਮਰਜੈਂਸੀ ਸਪਲਾਈ ਲਈ ਚੀਨ ਦਾ ਧੰਨਵਾਦ ਕੀਤਾ। ਹੱਕਾਨੀ ਨੇ ਚੀਨ ਨੂੰ ਵਧੀਆ ਗੁਆਂਢੀ ਅਤੇ ਅਫ਼ਗਾਨਿਸਤਾਨ ਦਾ ਦੋਸਤ ਕਰਾਰ ਦਿੰਦਿਆਂ ਆਸ ਪ੍ਰਗਟਾਈ ਕਿ ਚੀਨ ਭਵਿੱਖ ’ਚ ਵੀ ਮੁਲਕ ਦੀ ਸਹਾਇਤਾ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਤੋਂ ਵੱਖ ਵੱਖ ਖੇਤਰਾਂ ’ਚ ਸਹਾਇਤਾ ਦੀ ਲੋੜ ਹੈ। ਹੱਕਾਨੀ ਨੇ ਕਿਹਾ ਕਿ ਅਫ਼ਗਾਨਿਸਤਾਨ ਆਪਣੇ ਗੁਆਂਢੀਆਂ ਦੇ ਨਾਲ ਨਾਲ ਕੌਮਾਂਤਰੀ ਭਾਈਚਾਰੇ ਪ੍ਰਤੀ ਆਪਣੀ ਵਚਨਬੱਧਤਾ ਦਾ ਪਾਲਣ ਕਰੇਗਾ। -ਪੀਟੀਆਈ