ਹਾਂਗ ਕਾਂਗ, 30 ਜੂਨ
ਚੀਨ ਨੇ ਅੱਜ ਵਿਵਾਦਿਤ ਹਾਂਗ ਕਾਂਗ ਕੌਮੀ ਸੁਰੱਖਿਆ ਕਾਨੂੰਨ ’ਤੇ ਮੋਹਰ ਲਾ ਦਿੱਤੀ ਹੈ। ਇਸ ਕਾਨੂੰਨ ਦੇ ਪਾਸ ਹੋਣ ਨਾਲ ਚੀਨ ਲਈ ਹਾਂਗ ਕਾਂਗ ਵਿੱਚ ਵੱਖਵਾਦੀ ਸਰਗਰਮੀਆਂ ਨੂੰ ਲਾਗੂ ਕਰਨ ਸਮੇਤ ਨੀਮ-ਖੁ਼ਦਮੁਖਤਾਰੀ ਵਾਲੇ ਹਾਂਗ ਕਾਂਗ ਤੇ ਚੀਨ ਦੇ ਕਮਿਊਨਿਸਟ ਪਾਰਟੀ ਪ੍ਰਬੰਧ ਵਿਚਲੀ ਕਾਨੂੰਨੀ ਦੀਵਾਰ ਨੂੰ ਖ਼ਤਮ ਕਰਨਾ ਸੁਖਾਲਾ ਹੋ ਜਾਵੇਗਾ। ਇਸ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਾਂਗ ਕਾਂਗ ਦੇ ਕੇਂਦਰੀ ਕਾਰੋਬਾਰੀ ਜ਼ਿਲ੍ਹੇ ਦੇ ਲਗਜ਼ਰੀ ਮਾਲ ਦੇ ਬਾਹਰ ਇਕੱਤਰ ਹੋ ਕੇ ‘ਹਾਂਗ ਕਾਂਗ ਨੂੰ ਮੁਕਤ ਕਰੋ, ਹੁਣ ਇਨਕਲਾਬ’ ਦੇ ਨਾਅਰੇ ਲਾਏ। ਉਨ੍ਹਾਂ ਇਸ ਨਵੇਂ ਕਾਨੂੰਨ ਨੂੰ ਰੱਜ ਕੇ ਭੰਡਿਆ।
ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਟੈਂਡਿੰਗ ਕਮੇਟੀ ’ਚ ਹਾਂਗ ਕਾਂਗ ਦੇ ਇਕੋ ਇਕ ਨੁਮਾਇੰਦੇ ਟੈਮ ਯਿਊ-ਚੁੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਬੰਧਤ ਕਾਨੂੰਨ ਪਾਸ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਕੌਮੀ ਸੁਰੱਖਿਆ ਕਾਨੂੰਨ ਵਿੱਚ ਮੌਤ ਦੀ ਸਜ਼ਾ ਦੀ ਵਿਵਸਥਾ ਸ਼ਾਮਲ ਨਹੀਂ ਹੋਵੇਗੀ, ਪਰ ਉਨ੍ਹਾਂ ਇਸ ਬਾਰੇ ਤਫ਼ਸੀਲ ’ਚ ਜਾਣਕਾਰੀ ਨਹੀਂ ਦਿੱਤੀ। ਊਂਜ ਟੈਮ ਨੇ ਕਿਹਾ ਕਿ ‘ਹਾਂਗ ਕਾਂਗ ਨੂੰ ਮੁਲਕ ਨੂੰ ਵੰਡਣ ਦੇ ਸੰਦ ਵਜੋਂ ਨਾ ਵਰਤਿਆ ਜਾਵੇ।’ ਉਧਰ ਚੀਨ ਨੇ ਇਹ ਕਾਨੂੰਨ ਅਜਿਹੇ ਮੌਕੇ ਪਾਸ ਕੀਤਾ ਹੈ ਜਦੋਂ ਹਾਂਗ ਕਾਂਗ ਤੇ ਕੌਮਾਂਤਰੀ ਭਾਈਚਾਰੇ ਵੱਲੋਂ ਲਗਾਤਾਰ ਇਹ ਚਿਤਾਵਨੀ ਦਿੱਤੀ ਜਾ ਰਹੀ ਸੀ ਕਿ ਇਹ ਕਾਨੂੰਨ ਏਸ਼ੀਆ ਦੀ ਫਾਇਨਾਂਸ਼ੀਅਲ ਹੱਬ ਵਿਚ ਵਿਰੋਧੀ ਸੁਰਾਂ ਨੂੰ ਦਬਾਉਣ ਲਈ ਵਰਤਿਆ ਜਾਵੇਗਾ। ਸਾਬਕਾ ਬਰਤਾਨਵੀ ਬਸਤੀ ਹਾਂਗ ਕਾਂਗ ਨੂੰ ਸਾਲ 1997 ਵਿੱਚ ਚੀਨ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਉਧਰ ਜਨੇਵਾ ਵਿੱਚ ਹਾਂਗ ਕਾਂਗ ਦੇ ਆਗੂ ਕੈਰੀ ਲਾਮ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਕੌਂਸਲ ਨੂੰ ਇਕ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਇਸ ਕਾਨੂੰਨ ਦਾ ਮੁੱਖ ਨਿਸ਼ਾਨਾ ਘੱਟਗਿਣਤੀ ਹੋਣਗੇ। ਹਾਂਗ ਕਾਂਗ ਦੇ ਜਮਹੂਰੀਅਤ ਪੱਖੀ ਕਾਰਕੁਨ ਜੋਸ਼ੂਅ ਵਾਂਗ, ਐਗਨਸ ਚਾਓ ਤੇ ਨਾਥਨ ਲਾਅ ਨੇ ਫੇਸਬੁੱਕ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਜਮਹੂਰੀਅਤ ਦੀ ਝੰਡਾ ਬਰਦਾਰ ਅਖਵਾਉਂਦੀ ਜਥੇਬੰਦੀ ਡੈਮੋਸਿਸਟੋ ਤੋਂ ਲਾਂਭੇ ਹੋ ਜਾਣਗੇ। -ਏਪੀ