ਕੋਲੰਬੋ, 28 ਅਗਸਤ
ਸ੍ਰੀਲੰਕਾ ਵੱਲੋਂ ਚੀਨ ਨੂੰ ਆਪਣਾ ਕਰਜ਼ਾ ਮੋੜਨ ਦੀ ਦੁਬਾਰਾ ਵਿਉਂਤਬੰਦੀ ਦੀ ਬੇਨਤੀ ਕੀਤੇ ਜਾਣ ’ਤੇ ਚੀਨ ਨੇ ਕਿਹਾ ਹੈ ਕਿ ‘ਇਹ ਸ੍ਰੀਲੰਕਾ ਦੀ ਮਰਜ਼ੀ ’ਤੇ ਨਿਰਭਰ ਹੈ।’ ਦੱਸਣਯੋਗ ਹੈ ਕਿ ਸ੍ਰੀਲੰਕਾ ਨੇ ਚੀਨ ਨੂੰ ਬੇਨਤੀ ਕੀਤੀ ਸੀ ਕਿ ਮੁਲਕ ਡੂੰਘੇ ਆਰਥਿਕ ਸੰਕਟ ਵਿਚ ਹੈ ਤੇ ਇਸ ਦੇ ਕਰਜ਼ ਦਾ ਪੁਨਰਗਠਨ ਕਰ ਦਿੱਤਾ ਜਾਵੇ। ਇਕ ਅੰਦਾਜ਼ੇ ਮੁਤਾਬਕ ਸ੍ਰੀਲੰਕਾ ਨੇ ਇਸ ਸਾਲ ਚੀਨ ਨੂੰ ਡੇਢ ਤੋਂ ਦੋ ਅਰਬ ਅਮਰੀਕੀ ਡਾਲਰ ਦੇਣੇ ਹਨ। ਕੁੱਲ ਮਿਲਾ ਕੇ ਸ੍ਰੀਲੰਕਾ ਸਿਰ ਚੀਨ ਦਾ 8 ਅਰਬ ਡਾਲਰ ਤੋਂ ਵੱਧ ਦਾ ਕਰਜ਼ਾ ਹੈ। ਪੇਈਚਿੰਗ ਨੇ ਹਾਲਾਂਕਿ ਸ੍ਰੀਲੰਕਾ ਨੂੰ ਕਰਜ਼ਾ ਰਾਹਤ ਦੇਣ ਬਾਰੇ ਜਨਤਕ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਚੀਨੀ ਦੂਤਾਵਾਸ ਦੇ ਇਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਸ੍ਰੀਲੰਕਾ ਦੇ ਵਿੱਤ ਮੰਤਰਾਲੇ ਨੂੰ ਤਿੰਨ ਮਹੀਨੇ ਪਹਿਲਾਂ ਹੀ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਸੀ ਕਿ ਉਹ ਕਰਜ਼ੇ ਨਾਲ ਜੁੜੇ ਮੁੱਦਿਆਂ ਉਤੇ ਵਿਚਾਰ ਲਈ ਤਿਆਰ ਹਨ। -ਪੀਟੀਆਈ