ਸੰਯੁਕਤ ਰਾਸ਼ਟਰ, 20 ਜੂਨ
ਚੀਨ ਨੇ ਅੱਜ 26/11 ਦੇ ਮੁੰਬਈ ਹਮਲਿਆਂ ‘ਚ ਸ਼ਮੂਲੀਅਤ ਲਈ ਲੋੜੀਂਦੇ ਲਸ਼ਕਰ-ਏ-ਤਇਬਾ ਦੇ ਅਤਿਵਾਦੀ ਸਾਜਿਦ ਮੀਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਣ ਦੇ ਸੰਯੁਕਤ ਰਾਸ਼ਟਰ ‘ਚ ਪੇਸ਼ ਕੀਤੇ ਗਏ ਭਾਰਤ ਤੇ ਅਮਰੀਕਾ ਦੇ ਪ੍ਰਸਤਾਵ ਵਿਚ ਅੜਿੱਕਾ ਖੜ੍ਹਾ ਕੀਤਾ ਹੈ। ਪੇਈਚਿੰਗ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪੇਈਚਿੰਗ ਨੇ ਭਾਰਤ ਤੇ ਅਮਰੀਕਾ ਵੱਲੋਂ ਪੇਸ਼ ਕੀਤੀ ਤਜਵੀਜ਼, ਜਿਸ ਵਿਚ ਮੀਰ ਨੂੰ ਸਲਾਮਤੀ ਪਰਿਸ਼ਦ ਦੀ 1267 ਅਲ ਕਾਇਦਾ ਪਾਬੰਦੀ ਕਮੇਟੀ ਤਹਿਤ ਕਾਲੀ ਸੂਚੀ ਵਿਚ ਪਾਉਣ ਦੀ ਮੰਗ ਕੀਤੀ ਗਈ ਸੀ, ਦਾ ਵਿਰੋਧ ਕੀਤਾ। ਇਸੇ ਤਹਿਤ ਚੀਨ ਵੱਲੋਂ ਉਸ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦਾ ਵੀ ਵਿਰੋਧ ਕੀਤਾ ਗਿਆ। ਅਜਿਹਾ ਹੋਣ ‘ਤੇ ਉਸ ਦੇ ਅਸਾਸੇ ਜ਼ਬਤ ਹੋਣਗੇ, ਯਾਤਰਾ ਉਤੇ ਪਾਬੰਦੀ ਲੱਗੇਗੀ ਤੇ ਹਥਿਆਰਾਂ ਸਬੰਧੀ ਪਾਬੰਦੀਆਂ ਵੀ ਲੱਗ ਜਾਣਗੀਆਂ। ਪਿਛਲੇ ਸਾਲ ਸਤੰਬਰ ਵਿਚ ਜਾਣਕਾਰੀ ਸਾਹਮਣੇ ਆਈ ਸੀ ਕਿ ਚੀਨ ਨੇ ਸੰਯੁਕਤ ਰਾਸ਼ਟਰ ਵਿਚ ਮੀਰ ਨੂੰ ਅਤਿਵਾਦੀ ਐਲਾਨਣ ਦੇ ਪ੍ਰਸਤਾਵ ਨੂੰ ਰੋਕ ਕੇ ਰੱਖਿਆ ਹੈ, ਪਰ ਹੁਣ ਪੇਈਚਿੰਗ ਵੱਲੋਂ ਇਸ ‘ਚ ਅੜਿੱਕਾ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੀਰ ਨੂੰ ਪਾਕਿਸਤਾਨ ਵਿਚ ਅਤਿਵਾਦ ਫੰਡਿੰਗ ਲਈ 15 ਸਾਲ ਦੀ ਕੈਦ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਅਥਾਰਿਟੀ ਨੇ ਕਿਹਾ ਸੀ ਕਿ ਮੀਰ ਮਰ ਚੁੱਕਾ ਹੈ, ਪਰ ਪੱਛਮੀ ਮੁਲਕ ਨਹੀਂ ਮੰਨ ਰਹੇ ਸਨ ਤੇ ਸਬੂਤ ਮੰਗ ਰਹੇ ਸਨ। ਇਹ ਮੁੱਦਾ ਪਿਛਲੇ ਸਾਲ ਪਾਕਿਸਤਾਨ ਦੇ ਐਫਏਟੀਐਫ ਵੱਲੋਂ ਕੀਤੇ ਗਏ ਮੁਲਾਂਕਣ ਵਿਚ ਵੀ ਵੱਡਾ ਮਸਲਾ ਬਣਿਆ ਸੀ। ਮੀਰ ਪਾਕਿਸਤਾਨ ਅਧਾਰਿਤ ਲਸ਼ਕਰ ਦਾ ਸੀਨੀਅਰ ਮੈਂਬਰ ਹੈ ਤੇ ਮੁੰਬਈ ਹਮਲਿਆਂ ਵਿਚ ‘ਵਾਂਟੇਡ’ ਹੈ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਉਹ ਹਮਲਿਆਂ ਦੀ ਯੋਜਨਾ ਬਣਾਉਣ, ਤਿਆਰੀ ਕਰਨ ਤੇ ਇਨ੍ਹਾਂ ਨੂੰ ਸਿਰੇ ਚੜ੍ਹਾਉਣ ਵਿਚ ਮੋਹਰੀ ਰਿਹਾ ਹੈ। ਗੌਰਤਲਬ ਹੈ ਕਿ ਪਾਕਿਸਤਾਨ ਤੇ ਚੀਨ ਦੀ ਦੋਸਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸ ਤੋਂ ਪਹਿਲਾਂ ਵੀ ਚੀਨ ਕਈ ਵਿਵਾਦਤ ਮੁੱਦਿਆਂ ‘ਤੇ ਪਾਕਿਸਤਾਨ ਦਾ ਸਾਥ ਦੇ ਚੁੱਕਾ ਹੈ। -ਪੀਟੀਆਈ