ਪੇਈਚਿੰਗ, 17 ਜੂਨ
ਚੀਨ ਨੇ ਸ਼ੁੱਕਰਵਾਰ ਨੂੰ ਆਪਣਾ ਤੀਜਾ ਸਮੁੰਦਰੀ ਬੇੜਾ ਲਾਂਚ ਕੀਤਾ ਹੈ, ਜੋ ਦੇਸ਼ ਦਾ ਸਭ ਤੋਂ ਉੱਨਤ ਅਤੇ ਪਹਿਲਾ ‘ਪੂਰੀ ਤਰ੍ਹਾਂ ਘਰੇਲੂ ਤੌਰ ’ਤੇ ਬਣਾਇਆ ਗਿਆ’ ਸਮੁੰਦਰੀ ਜਹਾਜ਼ ਹੈ। ਇਸ ਸਮੁੰਦਰੀ ਬੇੜੇ ਦਾ ਨਾਮ ‘ਫੁਜਿਅਨ’ ਰੱਖਿਆ ਗਿਆ ਹੈ, ਜੋ ਸ਼ੰਘਾਈ ਦੇ ਜਿਆਂਗ ਸ਼ਿਪਯਾਰਡ ਵਿੱਚ ਰੱਖੇ ਗਏ ਸੰਖੇਪ ਸਮਾਰੋਹ ਦੌਰਾਨ ਲਾਂਚ ਕੀਤਾ ਗਿਆ। ਸ਼ਿਨਹੂਆ ਨਿਊਜ਼ ਏਜੰਸੀ ਅਨੁਸਾਰ ‘ਫੁਜਿਨ’ ਚੀਨ ਦਾ ਪਹਿਲਾ ਘਰੇਲੂ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਸਮੁੰਦਰੀ ਬੇੜਾ ਹੈ। ਸ਼ੰਘਾਈ ਵਿੱਚ ਕਰੋਨਾ ਕਾਰਨ ਹੋਈ ਤਾਲਾਬੰਦੀ ਕਾਰਨ ਤੀਜੇ ਸਮੁੰਦਰੀ ਬੇੜੇ ਦੇ ਲਾਂਚ ਦਾ ਪ੍ਰੋਗਰਾਮ ਦੋ ਮਹੀਨੇ ਲਈ ਮੁਲਤਵੀ ਹੋ ਗਿਆ ਸੀ। ਇਹ ਸਮੁੰਦਰੀ ਬੇੜਾ 23 ਅਪਰੈਲ ਨੂੰ ਪੀਪਲਜ਼ ਲਬਿਰੇਸ਼ਨ ਆਰਮੀ ਨੇਵੀ (ਪੀਐੱਲਏਐੱਨ) ਦੀ 73ਵੇਂ ਵਰ੍ਹੇਗੰਢ ਮੌਕੇ ਲਾਂਚ ਕਰਨ ਦਾ ਪ੍ਰੋਗਰਾਮ ਸੀ। ਚੀਨ ਦਾ ਪਹਿਲਾ ਸਮੁੰਦਰੀ ਬੇੜਾ ‘ਲਿਓਨਿੰਗ’ ਸੀ, ਜੋ 2012 ਵਿੱਚ ਲਾਂਚ ਹੋਏ ਸੋਵੀਅਤ ਯੁੱਗ ਦੇ ਜਹਾਜ਼ ਦਾ ਸੋਧਿਆ ਰੂਪ ਹੈ। ਇਸ ਮਗਰੋਂ ਚੀਨ ਨੇ ਦੂਜਾ ਸਵਦੇਸ਼ੀ ਸਮੁੰਦਰੀ ਬੇੜਾ ਸਾਲ 2019 ਵਿੱਚ ‘ਸ਼ੈਂਡੋਂਗ’ ਲਾਂਚ ਕੀਤਾ ਸੀ। -ਪੀਟੀਆਈ