ਪੇਈਚਿੰਗ, 5 ਜੁਲਾਈ
ਚੀਨ ਨੇ ਅੱਜ ਸਫ਼ਲਤਾ ਨਾਲ ਇਕ ਨਵਾਂ ਮੌਸਮ ਉਪਗ੍ਰਹਿ (ਸੈਟੇਲਾਈਟ) ਲਾਂਚ ਕੀਤਾ ਹੈ। ਇਸ ਨਾਲ ਦੂਰੀ ਤੋਂ ਮੌਸਮ ਦਾ ਅੰਦਾਜ਼ਾ ਲਾ ਸਕਣ ਵਾਲੇ 11 ਉਪਕਰਨ ਜੁੜੇ ਹੋਏ ਹਨ। ਸੈਟੇਲਾਈਨ ਚੀਨ ਦੀ ਮੌਸਮ ਬਾਰੇ ਜਾਣਕਾਰੀ ਰੱਖਣ ਦੀ ਸਮਰੱਥਾ ਵਿਚ ਵਾਧਾ ਕਰੇਗਾ। ਇਸ ਤੋਂ ਇਲਾਵਾ ਇਹ ਆਲਮੀ ਪੱਧਰ ਉਤੇ ਬਰਫ਼ ਪੈਣ ਬਾਰੇ ਤੇ ਸਮੁੰਦਰੀ ਧਰਾਤਲ ਦੇ ਤਾਪਮਾਨ ਬਾਰੇ ਵੀ ਦੱਸੇਗਾ। ਸੈਟੇਲਾਈਟ ਨੂੰ ਉੱਤਰ-ਪੱਛਮੀ ਚੀਨ ਦੇ ਇਕ ਕੇਂਦਰ ਤੋਂ ਲਾਂਚ ਕੀਤਾ ਗਿਆ ਹੈ। ਇਸ ਸੈਟੇਲਾਈਨ ਦੀ ਮਿਆਦ 8 ਸਾਲ ਹੋਵੇਗੀ ਤੇ ਇਹ ਮੁੱਖ ਤੌਰ ’ਤੇ ਨਮੀ ਤੇ ਤਾਪਮਾਨ ਬਾਰੇ ਜਾਣਕਾਰੀ ਇਕੱਤਰ ਕਰੇਗਾ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਤੇ ਵਾਤਾਵਰਨ ਤਬਦੀਲੀਆਂ ਨੂੰ ਸਮਝ ਕੇ ਸੈਟੇਲਾਈਨ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਵੀ ਬਿਹਤਰ ਤਿਆਰੀ ਕਰਵਾਏਗਾ। ਰਿਪੋਰਟ ਮੁਤਾਬਕ ਇਹ ਪੁਲਾੜ ਦੇ ਮੌਸਮ ਦੀ ਵੀ ਨਿਗਰਾਨੀ ਕਰੇਗਾ। ਚੀਨ ਦੇ ਇਕ ਪੁਲਾੜ ਵਿਸ਼ਲੇੇਸ਼ਕ ਮੁਤਾਬਕ ਸੈਟੇਲਾਈਟ ਹਰ ਸਵੇਰੇ ਉਸੇ ਥਾਂ ਤੋਂ ਗੁਜ਼ਰੇਗਾ ਜਿੱਥੋਂ ਇਕ ਦਿਨ ਪਹਿਲਾਂ ਗੁਜ਼ਰਿਆ ਹੋਵੇਗਾ ਤੇ ਸ਼ਾਮ ਨੂੰ ਦੂਜੇ ਪਾਸੇ ਚਲਿਆ ਜਾਵੇਗਾ। ਇਸ ਤਰ੍ਹਾਂ ਇਹ ਸਵੇਰ ਤੇ ਸ਼ਾਮ ਦੇ ਅਹਿਮ ਪਲਾਂ ਨੂੰ ਕਵਰ ਕਰੇਗਾ ਜੋ ਕਿ ਚੀਨ ਤੇ ਸੰਸਾਰ ਲਈ ਮਹੱਤਵਪੂਰਨ ਡੇਟਾ ਹੋਵੇਗਾ। -ਪੀਟੀਆਈ