ਪੇਈਚਿੰਗ, 28 ਅਗਸਤ
ਤਾਇਵਾਨ ਦੇ ਸਮੁੰਦਰੀ ਖੇਤਰ ਵਿਚੋਂ ਲੰਘ ਰਹੇ ਅਮਰੀਕਾ ਦੇ ਜੰਗੀ ਬੇੜਿਆਂ ਉਤੇ ਅੱਜ ਚੀਨ ਦੀ ਜਲ ਸੈਨਾ ਨੇ ਨੇੜਿਓਂ ਨਜ਼ਰ ਰੱਖੀ। ਤਾਇਵਾਨ ਨੇੜਿਓਂ ਅੱਜ ਅਮਰੀਕਾ ਦੇ ਦੋ ਜੰਗੀ ਬੇੜੇ ਗੁਜ਼ਰੇ ਹਨ ਤੇ ਅਮਰੀਕੀ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਦੇ ਦੌਰੇ ਤੋਂ ਬਾਅਦ ਅਜਿਹੀ ਪਹਿਲੀ ਵਾਰ ਹੋਇਆ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਜੰਗੀ ਬੇੜੇ ਉੱਥੋਂ ਗੁਜ਼ਰੇ ਹਨ ਜਿੱਥੇ ਚੀਨ ਦੀ ਫ਼ੌਜ ਨੇ ਕਈ ਦਿਨਾਂ ਤੱਕ ਜੰਗੀ ਅਭਿਆਸ ਕੀਤਾ ਸੀ। ਚੀਨ ਦੀ ਫ਼ੌਜ ਨੇ ਦੱਸਿਆ ਕਿ ਅੱਜ ‘ਯੂਐੱਸਐੱਸ ਐਂਟੀਟੈਮ ਤੇ ਯੂਐੱਸਐੱਸ ਚਾਂਸਲਰਜ਼ਵਿਲੇ’ ਜੋ ਕਿ ਮਿਜ਼ਾਈਲਾਂ ਨਾਲ ਲੈਸ ਹਨ, ਤਾਇਵਾਨ ਕੋਲੋਂ ਗੁਜ਼ਰੇ ਹਨ। ਚੀਨੀ ਫ਼ੌਜ ਦੀ ਪੂਰਬੀ ਥੀਏਟਰ ਕਮਾਨ ਨੇ ਇਨ੍ਹਾਂ ਜਹਾਜ਼ਾਂ ਉਤੇ ਬਾਜ਼ ਅੱਖ ਰੱਖੀ ਤੇ ਪੂਰੀ ਨਿਗਰਾਨੀ ਕੀਤੀ ਗਈ। ਚੀਨ ਦੀ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਵਿਚ ਟਾਪੂ ਨੇੜੇ ਇਨ੍ਹਾਂ ਅਮਰੀਕੀ ਜਹਾਜ਼ਾਂ ਦੀ ਗਤੀਵਿਧੀ ਦੀ ਨਿਖੇਧੀ ਕੀਤੀ ਗਈ ਹੈ। -ਪੀਟੀਆਈ