ਕਰਾਚੀ (ਪਾਕਿਸਤਾਨ), 9 ਦਸੰਬਰ
ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਮੋਈਦ ਯੂਸਫ ਨੇ ਕਿਹਾ ਕਿ ਪਾਕਿਸਤਾਨ ਨੇ ਚੀਨ ਨੂੰ ਗਵਾਦੜ ਬੰਦਰਗਾਹ ’ਤੇ ਫੌਜੀ ਕੈਂਪ ਬਣਾਉਣ ਦੀ ਪੇਸ਼ਕਸ਼ ਨਹੀ ਕੀਤੀ ਅਤੇ ਦੁਹਰਾਇਆ ਕਿ ਕੋਈ ਵੀ ਦੇਸ਼ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਪ੍ਰਾਜੈਕਟ ਵਿੱਚ 60 ਅਰਬ ਡਾਲਰ ਦਾ ਨਿਵੇਸ਼ ਕਰ ਸਕਦਾ ਹੈ, ‘‘ਅਸੀਂ ਕਿਸੇ ਲਈ ਵੀ ਰਾਹ ਬੰਦ ਨਹੀਂ ਕੀਤੇ।’’ ਜ਼ਿਕਰਯੋਗ ਹੈ ਕਿ ਅਰਬ ਸਾਗਰ ’ਤੇ ਸਥਿਤ ਗਵਾਦੜ ਬੰਦਰਗਾਹ ਸੀਪੀਈਸੀ ਪ੍ਰਾਜੈਕਟ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ। ਯੂਸਫ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, ‘‘ਪਾਕਿਸਤਾਨ ਵਿੱਚ ਚੀਨ ਦੇ ਆਰਥਿਕ ਕੈਂਪ ਹਨ, ਜਿੱਥੇ ਦੁਨੀਆਂ ਦਾ ਕੋਈ ਵੀ ਦੇਸ਼ ਨਿਵੇਸ਼ ਕਰ ਸਕਦਾ ਹੈ… ਇਹੋ ਪੇਸ਼ਕਸ਼ ਅਮਰੀਕਾ, ਰੂਸ ਅਤੇ ਮੱਧ ਏਸ਼ੀਆ ਨੂੰ ਕੀਤੀ ਸੀ। ਸਾਰੇ ਦੇਸ਼ਾਂ ਲਈ ਸਾਡੇ ਦਰ ਖੁੱਲ੍ਹੇ ਹਨ।’’ ਜ਼ਿਕਰਯੋਗ ਹੈ ਕਿ ਗਵਾਦੜ ਬੰਦਰਗਾਹ ’ਤੇ ਗ਼ੈਰਜ਼ਰੂਰੀ ਨਾਕਿਆਂ, ਪਾਣੀ ਤੇ ਬਿਜਲੀ ਦੀ ਘਾਟ ਅਤੇ ਗ਼ੈਰਕਾਨੂੰਨੀ ਤੌਰ ’ਤੇ ਮੱਛੀਆਂ ਫੜਨ ਕਾਰਨ ਰੋਜ਼ੀ ਰੋਟੀ ਨੂੰ ਪੈਦਾ ਖ਼ਤਰੇ ਕਾਰਨ ਪਿਛਲੇ ਮਹੀਨੇ ਵੱਡੇ ਪੱਧਰ ’ਤੇ ਰੋਸ ਉਪਜਿਆ ਸੀ। ਇਹ ਰੋਸ ਗਵਾਦੜ ਵਿੱਚ ਚੀਨ ਦੀ ਵਧ ਰਹੀ ਮੌਜੂਦਗੀ ਕਾਰਨ ਪੈਦਾ ਹੋ ਰਹੀ ਬੇਚੈਨੀ ਦਾ ਹਿੱਸਾ ਸਨ। ਗਵਾਦੜ ਬੰਦਰਗਾਹ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਪ੍ਰਾਜੈਕਟ ਸੀਪੀਈਸੀ ਦਾ ਅਨਿੱਖੜਵਾਂ ਹਿੱਸਾ ਹੈ। ਯੂਸਫ ਨੇ ਚੀਨ ਨੂੰ ‘ਪਾਕਿਸਤਾਨ ਦਾ ਗੂੜ੍ਹਾ ਮਿੱਤਰ’ ਦੱਸਦਿਆਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼ਿਨਜ਼ਿਆਂਗ ਵਿੱਚ ਮੁਸਲਮਾਨਾਂ ’ਤੇ ਕਥਿਤ ਜਬਰ ਸਬੰਧੀ ਪੱਛਮ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨਾਲ ਪਾਕਿਸਤਾਨ ਸਹਿਮਤ ਨਹੀਂ ਹੈ। -ਪੀਟੀਆਈ