ਪੇਈਚਿੰਗ, 4 ਜਨਵਰੀ
ਚੀਨ ਨੇ ਪਰਮਾਣੂ ਹਥਿਆਰਾਂ ਦੇ ਆਪਣੇ ਭੰਡਾਰ ਵਧਾਉਣ ਦੇ ਅਮਰੀਕੀ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਚੀਨ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਵਿੱਚ ਭੋਰਾ ਵੀ ਸਚਾਈ ਨਹੀਂ ਹੈ। ਉਂਜ ਚੀਨ ਨੇ ਮੰਨਿਆ ਕਿ ਪਰਮਾਣੂ ਹਥਿਆਰ ਸੰਪੰਨ ਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਪੰਜ ਸਥਾਈ ਮੈਂਬਰ ਮੁਲਕਾਂ ਦੇ ਆਗੂਆਂ ਵੱਲੋਂ ਪਰਮਾਣੂ ਜੰਗ ਤੋਂ ਬਚਣ ਤੇ ਹਥਿਆਰਾਂ ਦੀ ਦੌੜ ਵਿੱਚ ਨਾ ਪੈਣ ਨੂੰ ਲੈ ਕੇ ਜਾਰੀ ਸਾਂਝੇ ਬਿਆਨ ਪਿੱਛੇ ਉਸ ਦੀ ‘ਅਹਿਮ ਭੂਮਿਕਾ’ ਹੈ।
ਚੇਤੇ ਰਹੇ ਕਿ ਚੀਨ, ਫਰਾਂਸ, ਰੂਸ, ਯੂਕੇ ਤੇ ਅਮਰੀਕਾ ਨੇ ਲੰਘੇ ਦਿਨ ਇਕ ਸਾਂਝੇ ਬਿਆਨ ਵਿੱਚ ਕਿਹਾ ਸੀ ਉਨ੍ਹਾਂ ਨੂੰ ਇਸ ਪੂਰਾ ਯਕੀਨ ਹੈ ਕਿ ਪਰਮਾਣੂ ਜੰਗ ਨਹੀਂ ਜਿੱਤੀ ਜਾ ਸਕਦੀ ਤੇ ਇਹ ਜੰਗ ਕਦੇ ਵੀ ਨਾ ਲੜੀ ਜਾਵੇ। ਚੀਨੀ ਵਿਦੇਸ਼ ਮੰਤਰਾਲੇ ਦੇ ਹਥਿਆਰਾਂ ਦੇ ਕੰਟਰੋਲ ਬਾਰੇ ਵਿਭਾਗ ਦੇ ਡਾਇਰੈਕਟਰ ਜਨਰਲ ਫੂ ਕੌਂਗ ਨੇ ਕਿਹਾ ਕਿ ਅਮਰੀਕੀ ਰੱਖਿਆ ਵਿਭਾਗ ਦਾ ਇਹ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ ਕਿ ਚੀਨ ਬੜੀ ਤੇਜ਼ੀ ਨਾਲ ਆਪਣੇ ਪਰਮਾਣੂ ਹਥਿਆਰਾਂ ਦੇ ਭੰਡਾਰ ਵਧਾ ਰਿਹਾ ਹੈ। ਅਮਰੀਕੀ ਰੱਖਿਆ ਵਿਭਾਗ ਨੇ ਪਿਛਲੇ ਸਾਲ ਨਵੰਬਰ ਵਿੱਚ ਜਾਰੀ ਰਿਪੋਰਟ ਵਿੱਚ ਕਿਹਾ ਸੀ ਕਿ ਚੀਨ ਪਿਛਲੇ ਸਾਲਾਂ ਦੇ ਮੁਕਾਬਲੇ ਆਪਣੇ ਪਰਮਾਣੂ ਹਥਿਆਰਾਂ ਦੇ ਭੰਡਾਰਾਂ ਵਿੱਚ ਤੇਜ਼ੀ ਨਾਲ ਇਜ਼ਾਫ਼ਾ ਕਰ ਰਿਹਾ ਹੈ। ਅਮਰੀਕੀ ਰਿਪੋਰਟ ਮੁਤਾਬਕ ਸਾਲ 2030 ਤੱਕ ਚੀਨ ਕੋਲ 1000 ਤੋਂ ਵਧ ਪਰਮਾਣੂ ਹਥਿਆਰ ਤੇ ਮਿਜ਼ਾਈਲਾਂ ਹੋਣਗੀਆਂ। ਅਮਰੀਕਾ ਕੋਲ 3750 ਪਰਮਾਣੂ ਹਥਿਆਰ ਹਨ। ਫੂ ਨੇ ਆਸ ਜਤਾਈ ਕਿ ਪਰਮਾਣੂ ਹਥਿਆਰ ਸੰਪੰਨ ਪੰਜ ਮੁਲਕ ਇਨ੍ਹਾਂ ਹਥਿਆਰਾਂ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਆਪਣੀ ਵਚਨਬੱਧਤਾ ਦਾ ਪਾਲਣ ਕਰਨਗੇ। ਉਂਜ ਪਹਿਲੀ ਵਾਰ ਹੈ ਜਦੋਂ ਪੀ-5 ਮੁਲਕਾਂ ਦੇ ਆਗੂਆਂ ਨੇ ਪਰਮਾਣੂ ਹਥਿਆਰਾਂ ਨੂੰ ਲੈ ਕੇ ਸਾਂਝਾ ਬਿਆਨ ਜਾਰੀ ਕੀਤਾ ਹੈ। -ਪੀਟੀਆਈ