ਬਰੱਸਲਜ਼, 14 ਜੂਨ
‘ਨਾਟੋ’ ਮੁਲਕਾਂ ਦੇ ਆਗੂਆਂ ਨੇ ਚੀਨ ਨੂੰ ਆਲਮੀ ਸੁਰੱਖਿਆ ਲਈ ਚੁਣੌਤੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਚੀਨ ਸੰਸਾਰਕ ਵਿਵਸਥਾ ਨੂੰ ਦਰਕਿਨਾਰ ਕਰਨਾ ਚਾਹੁੰਦਾ ਹੈ। ਨਾਟੋ ਮੁਲਕਾਂ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਚੀਨ ਪ੍ਰਮਾਣੂ ਮਿਜ਼ਾਈਲਾਂ ਬਣਾ ਰਿਹਾ ਹੈ, ਉਹ ਉਸ ਤੋਂ ਚਿੰਤਤ ਹਨ। ਸਿਖ਼ਰ ਸੰਮੇਲਨ ਤੋਂ ਬਾਅਦ ਜਾਰੀ ਬਿਆਨ ਵਿਚ ਆਗੂਆਂ ਨੇ ਕਿਹਾ ਕਿ ਚੀਨ ਦਾ ਮੰਤਵ ਤੇ ‘ਧੱਕੜ ਰਵੱਈਆ’ ਮੌਜੂਦਾ ਨੇਮ ਅਧਾਰਿਤ ਕੌਮਾਂਤਰੀ ਢਾਂਚੇ ਨੂੰ ਚੁਣੌਤੀ ਦੇ ਰਿਹਾ ਹੈ। ਇਸ ਤੋਂ ਇਲਾਵਾ ਇਹ ਉਨ੍ਹਾਂ ਖੇਤਰਾਂ ਲਈ ਵੀ ਚੁਣੌਤੀ ਬਣ ਰਿਹਾ ਹੈ ਜੋ ਗੱਠਜੋੜ ਦੀ ਸੁਰੱਖਿਆ ਦੇ ਲਿਹਾਜ਼ ਨਾਲ ਅਹਿਮ ਹਨ। ਹਾਲਾਂਕਿ 30 ਮੁਲਕਾਂ ਦੇ ਮੁਖੀਆਂ ਤੇ ਸਰਕਾਰਾਂ ਨੇ ਚੀਨ ਨੂੰ ਦੁਸ਼ਮਣ ਨਹੀਂ ਕਿਹਾ ਪਰ ਇਹ ਜ਼ਰੂਰ ਕਿਹਾ ਕਿ ਇਸ ਦੀਆਂ ‘ਨੀਤੀਆਂ ਤਾਕਤ ਦੇ ਇਸਤੇਮਾਲ’ ਦੇ ਪੱਖ ਵਿਚ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। -ਏਪੀ