ਨਿਊਯਾਰਕ, 3 ਅਗਸਤ
ਕੋਵਿਡ- 19 ਦੌਰਾਨ ਪੂਰੇ ਭਾਰਤ ਵਿੱਚ 25 ਮਿਲੀਅਨ ਲੋਕਾਂ ਨੂੰ ਖਾਣਾ ਵੰਡਣ ਦਾ ਟੀਚਾ ਜਲਦੀ ਹੀ ਪੂਰਾ ਕਰਨ ਵਾਲੇ ਸ਼ੈੱਫ ਵਿਕਾਸ ਖੰਨਾ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਪ੍ਰਭਾਵਿਤ ਇਕ ਕਰੋੜ ਰੇਹੜੀ-ਫੜੀ ਵਾਲਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਲੋੜੀਂਦਾ ਰਾਸ਼ਨ ਤੇ ਸਪਲਾਈ ਮੁਹੱਈਆ ਕਰਵਾਉਣਗੇ। ਭਾਰਤ ’ਚ ਕਰੋਨਾਵਾਇਰਸ ਮਹਾਮਾਰੀ ਦਾ ਫੈਲਾਅ ਹੋਣ ਤੋਂ ਹੀ 48 ਸਾਲਾਂ ਵਿਸ਼ਵ ਪ੍ਰਸਿੱਧ ਸ਼ੈੱਫ ਤੇ ਲੇਖਕ ਵਿਕਾਸ ਖੰਨਾ ਨੇ ਮੈਨਹੱਟਨ ’ਚ ਸਥਿਤ ਆਪਣੇ ਘਰ ਤੋਂ ਖਾਣਾ ਵੰਡਣ ਦੀ ਮੁਹਿੰਮ ਵਿੱਢੀ ਹੋਈ ਹੈ। ਸ੍ਰੀ ਖੰਨਾ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ,‘ਅਸੀਂ ਰਾਸ਼ਨ ਇਕੱਠਾ ਕਰ ਰਹੇ ਹਾਂ ਅਤੇ ਭਾਰਤ ਦੇ ਰੇਹੜੀ-ਫੜੀ ਵਾਲਿਆਂ ਲਈ ਲਗਪਗ ਇਕ ਕਰੋੜ ਭੋਜਨ ਪੈਕਟ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਾਂ, ਜੋ ਅਸਲ ’ਚ ਆਪਣੇ ਹੱਥਾਂ ’ਚ ਭਾਰਤੀ ਖਾਣੇ ਦੀ ਸੱਚੀ ਵਿਰਾਸਤ ਸਾਂਭੀ ਬੈਠੇ ਹਨ।’ ਸ਼ੈੱਫ ਖੰਨਾ ਹੁਣ ਤੱਕ ਭਾਰਤ ਦੇ 125 ਤੋਂ ਵੱਧ ਸ਼ਹਿਰਾਂ ’ਚ ਕੌਮੀ ਆਫ਼ਤ ਰਾਹਤ ਪ੍ਰਬੰਧਨ ਦੀ ਮਦਦ ਨਾ ਵੱਡੀ ਗਿਣਤੀ ’ਚ ਅਨਾਥ ਆਸ਼ਰਮਾਂ, ਬਿਰਧ ਆਸ਼ਰਮਾਂ, ਵਿਧਵਾ ਆਸ਼ਰਮਾਂ, ਮੁੰਬਈ ਦੇ ਡੱਬੇਵਾਲਿਆਂ, ਕਿਸ਼ਤੀ ਚਾਲਕਾਂ ਤੇ ਵਾਰਾਣਸੀ ਦੇ ਕਲਾਕਾਰਾਂ, ਪਰਵਾਸੀ ਮਜ਼ਦੂਰਾਂ ਤੇ ਹੋਰ ਲੋੜਵੰਦ ਲੋਕਾਂ ਦੀ ਮਦਦ ਕਰ ਚੁੱਕੇ ਹਨ। ਇਹੀ ਨਹੀਂ ਸ੍ਰੀ ਖੰਨਾ ਇੱਕੋ ਸਮੇਂ ਹੜ੍ਹ ਮਾਰੇ ਬਿਹਾਰ ਤੇ ਅਸਾਮ ਤੇ ਖ਼ਾਸ ਕਰਕੇ ਦੂਰਵਰਤੀ ਇਲਾਕਿਆਂ ਵਿੱਚ ਲੋਕਾਂ ਨੂੰ ਖਾਣੇ ਦੇ ਪੈਕੇਟ, ਕੱਪੜੇ ਅਤੇ ਜ਼ਰੂਰੀ ਸਪਲਾਈ ਪਹੁੰਚਾਉਣ ਲਈ ਕੰਮ ਕਰ ਰਹੇ ਹਨ।
-ਪੀਟੀਆਈ