ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 3 ਫਰਵਰੀ
ਕੈਨੇਡਾ ਵਿੱਚ ‘ਪਿੱਕਸ’ (ਪ੍ਰੋਗਰੈਸਿਵ ਇੰਟਰ ਕਲਚਰਲ ਸਰਵਿਸ ਸੁਸਾਇਟੀ) ਬਣਾ ਕੇ ਸਮਾਜ ਸੇਵਾ ਤੇ ਬਜ਼ੁਰਗਾਂ ਦੀ ਸੰਭਾਲ ਵਿੱਚ ਨਾਮਣਾ ਖੱਟਣ ਵਾਲੇ ਚਰਨਪਾਲ ਸਿੰਘ ਗਿੱਲ (85) ਦਾ ਅੱਜ ਦੇਹਾਂਤ ਹੋ ਗਿਆ। ਹਾਂਗਕਾਂਗ ਵਿੱਚ 1936 ’ਚ ਜਨਮੇ ਗਿੱਲ ਨੇ 1950 ਦੇ ਦਹਾਕੇ ’ਚ ਕੈਨੇਡਾ ਆ ਕੇ ਸਾਰਾ ਜੀਵਨ ਵਿਦੇਸ਼ੀ ਧਰਤੀ ਤੇ ਭਾਰਤੀਆਂ ਨਾਲ ਹੁੰਦੇ ਧੱਕੇ, ਨਸਲੀ ਵਿਤਕਰੇ ਅਤੇ ਮਨੁੱਖੀ ਹੱਕਾਂ ਲਈ ਘੋਲ ਕਰਦਿਆਂ ਬਿਤਾਇਆ। ਉਨ੍ਹਾਂ ਦੀ ਸੰਸਥਾ ਪਿੱਕਸ ਵਿੱਚ ਨਵੇਂ ਆਇਆਂ ਦੀ ਸਥਾਪਤੀ ਵਿੱਚ ਮਦਦ ਲਈ ਸਿਖਲਾਈ ਅਤੇ ਨੌਕਰੀ ਭਾਲ ਦੇ ਵਿਸ਼ੇਸ਼ ਪ੍ਰਬੰਧ ਹਨ। ਸੰਸਥਾ ਕੋਲ ਬੁਢਾਪਾ ਸੰਭਾਲ ਲਈ ਸੈਂਕੜੇ ਕਮਰਿਆਂ ਵਾਲੇ ਕੇਅਰਹੋਮ ਹਨ, ਜਿੱਥੇ ਲੋੜਵੰਦਾਂ ਦੀ ਰਿਹਾਇਸ਼ ਅਤੇ ਸਿਹਤ ਸੰਭਾਲ ਦੇ ਪੁਖਤਾ ਪ੍ਰਬੰਧ ਹਨ। ਚਰਨਪਾਲ ਸਿੰਘ ਗਿੱਲ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਹਰ ਵਰਗ ਦੇ ਲੋਕਾਂ ਨੇ ਇਸ ’ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਦੇ ਕੰਮਾਂ ਨੂੰ ਯਾਦ ਕੀਤਾ। ਸਰਕਾਰੀ ਤੇ ਸਿਆਸੀ ਆਗੂਆਂ ਨੇ ਵੀ ਵੱਖ-ਵੱਖ ਬਿਆਨਾਂ ਰਾਹੀਂ ਗਿੱਲ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ।