ਹਰਜੀਤ ਲਸਾੜਾ
ਬ੍ਰਿਸਬਨ 31 ਅਗਸਤ
ਆਸਟਰੇਲੀਆ ਦੀ ਸੰਘੀ ਸਰਕਾਰ ਵੱਲੋਂ ਦੇਸ਼ ਦੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਨਵਿਆਉਂਦੇ ਹੋਏ ਨਵੇਂ ਪ੍ਰਸ਼ਨਾਂ ਨੂੰ ਆਸਟਰੇਲਿਆਈ ਨਾਗਰਿਕਤਾ ਟੈਸਟ ਅਤੇ ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰਾਮ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਨਵੀਆਂ ਤਬਦੀਲੀਆਂ ਨਾਲ ਮੌਰੀਸਨ ਸਰਕਾਰ ਦੇਸ਼ ਦੇ ਕਾਨੂੰਨ, ਬਹੁ-ਸੱਭਿਆਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਸਮਰਥਨ ਕਰਦਿਆਂ ਲੋਕਾਈ ਦੇ ਉੱਜਲ ਭਵਿੱਖ ’ਚ ਉਸਾਰੂ ਯੋਗਦਾਨ ਪਾਉਣਾ ਚਾਹੁੰਦੀ ਹੈ। ਸਰਕਾਰ ਦੇ ਮੰਤਰੀਆਂ ਨੇ ਹਾਲ ਹੀ ਵਿੱਚ ਲੱਗੀਆਂ ਜੰਗਲੀ ਅੱਗਾਂ ਅਤੇ ਕਰੋਨਾ ਮਹਾਮਾਰੀ ਦੌਰਾਨ ਵੱਖ-ਵੱਖ ਭਾਈਚਾਰਿਆਂ ਵੱਲੋਂ ਮਨੁੱਖਤਾ ਬਾਬਤ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਸਾਂਝੇ ਉਪਰਾਲਿਆਂ ਨੂੰ ਕਲਮਬੰਦ ਕਰਨਾ ਅਤੇ ਨਵੇਂ ਪਰਵਾਸੀਆਂ ਨੂੰ ਜਾਣਕਾਰੀ ਹਿੱਤ ਪੜ੍ਹਾਉਣਾ ਸਮੇਂ ਦੀ ਮੰਗ ਹੈ। ਮੰਤਰੀ ਟੂਜ ਨੇ ਹੋਰ ਧਰਮਾਂ ਦੇ ਨਾਲ ਨਾਲ ਵਿਸ਼ੇਸ਼ ਤੌਰ ’ਤੇ ਸਿੱਖ ਭਾਈਚਾਰੇ ਦੇ ਸੇਵਾਦਾਰਾਂ (ਵਾਲੰਟੀਅਰਾਂ) ਦੀਆਂ ਕੋਸ਼ਿਸ਼ਾਂ ਨੂੰ ਪਛਾਣਿਆ, ਜਿਨ੍ਹਾਂ ਨੇ ਸਖ਼ਤ ਤਾਲਾਬੰਦੀ ਨਿਯਮਾਂ ਦੇ ਚੱਲਦਿਆਂ ਵੀ ਇਨ੍ਹਾਂ ਤ੍ਰਾਸਦੀਆਂ ’ਚ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਹੈ। ਮੰਤਰੀ ਟੂਜ਼ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਪਰਵਾਸੀ ਅੰਗਰੇਜ਼ੀ ਭਾਸ਼ਾ ਨਹੀਂ ਬੋਲ ਸਕਦੇ, ਉਨ੍ਹਾਂ ਨੂੰ ਅਰਬਾਂ ਡਾਲਰ ਦੇ ਐਡਲਟ ਮਾਈਗ੍ਰਾਂਟ ਇੰਗਲਿਸ਼ ਪ੍ਰੋਗਰਾਮ (ਏ.ਐੱਮ.ਈ.ਪੀ.) ਦੀ ਨਿਗਰਾਨੀ ’ਚ ਬਿਨਾਂ ਰੁਕਾਵਟ ਮੁਫ਼ਤ ਭਾਸ਼ਾ ਕਲਾਸਾਂ ’ਚ ਜਾਣ ਦੀ ਆਗਿਆ ਦਿੱਤੀ ਜਾਵੇਗੀ, ਜੋ ਇਸ ਸਮੇਂ 510 ਘੰਟੇ ਮੁਫ਼ਤ ਟਿਊਸ਼ਨ ਦੀ ਪੇਸ਼ਕਸ਼ ਕਰਦਾ ਹੈ।