ਵਾਸ਼ਿੰਗਟਨ, 16 ਜੂਨ
ਅਮਰੀਕਾ ਦੇ ਸਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ ਨੇ ਸਿਲੀਕਾਨ ਵੈਲੀ ਟਰੇਡਿੰਗ ਰਿੰਗ ਦੇ ਛੇ ਮੈਂਬਰਾਂ ਜਿਨ੍ਹਾਂ ਵਿੱਚ ਦੋ ਭਾਰਤੀ ਅਮਰੀਕੀ ਵੀ ਸ਼ਾਮਲ ਹਨ, ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਦੋ ਸਥਾਨਕ ਤਕਨੀਕੀ ਕੰਪਨੀਆਂ ਬਾਰੇ ਗੁਪਤ ਜਾਣਕਾਰੀ ਦੀ ਗ਼ਲਤ ਵਰਤੋਂ ਕਰਦਿਆਂ 17 ਲੱਖ ਅਮਰੀਕੀ ਡਾਲਰ ਦਾ ਗੈਰਕਾਨੂੰਨੀ ਮੁਨਾਫ਼ਾ ਕਮਾਇਆ ਹੈ। ਕਮਿਸ਼ਨ ਵੱਲੋਂ ਦਾਇਰ ਸ਼ਿਕਾਇਤ ਮੁਤਾਬਕ ਨਾਥਨਾਈਲ ਬਰਾਊਨ (49), ਜੋ ਇਨਫਾਈਨਰਾ ਕਾਰਪੋਰੇਸ਼ਨ ਵਿੱਚ ਰੈਵੇਨਿਊ ਰੈਕੋਗਨਿਸ਼ਨ ਮੈਨੇਜਰ ਹੈ, ਨੇ ਅਪਰੈਲ 2016 ਤੋਂ ਨਵੰਬਰ 2017 ਵਿੱਚ ਕੰਪਨੀ ਛੱਡਣ ਤੱਕ, ਕੰਪਨੀ ਵੱਲੋਂ ਤਿਮਾਹੀ ਦੌਰਾਨ ਕੀਤੀ ਕਮਾਈ ਤੇ ਵਿੱਤੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਆਪਣੇ ਦੋਸਤ ਬੈਂਜਾਮਿਨ ਵਾਇਲਮ (42) ਨਾਲ ਸਾਂਝੀ ਕੀਤੀ। ਕਮਿਸ਼ਨ ਨੇ ਕਿਹਾ ਕਿ ਵਾਇਲਮ, ਜੋ ਹਾਈ ਸਕੂਲ ਟੀਚਰ ਤੇ ਬੁੱਕਮੇਕਰ ਹੈ, ਨੇ ਅੱਗੇ ਇਹ ਗੁਪਤ ਜਾਣਕਾਰੀ ਭਾਰਤੀ ਅਮਰੀਕੀ ਨਵੀਨ ਸੂਦ (49) ਨਾਲ ਵੀ ਸਾਂਝੀ ਕੀਤੀ। ਸੂਦ ਨੇ ਵੀ ਇਸ ਜਾਣਕਾਰੀ ਨੂੰ ਆਪਣੇ ਤਿੰਨ ਦੋਸਤਾਂ ਮਾਰਕਸ ਬੈਨਨ(47), ਮੈਥਿਊ ਰੌਚ (47) ਤੇ ਨਰੇਸ਼ ਰਾਮੱਈਆ (41)ਨਾਲ ਸਾਂਝਾ ਕੀਤਾ। ਇਨ੍ਹਾਂ ਸਾਰਿਆਂ ਨੇ ਸੂਚਨਾ ਦੇ ਆਧਾਰ ’ਤੇ ਗੈਰਕਾਨੂੰਨੀ ਟਰੇਡਿੰਗ ਕੀਤੀ। -ਪੀਟੀਆਈ