ਟੋਰਾਂਟੋ, 1 ਦਸੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ਦਾ ਹਮੇਸ਼ਾਂ ਪੱਖ ਪੂਰੇਗਾ। ਸੋਮਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਇੱਕ ਆਨਲਾਈਨ ਸਮਾਗਮ ਮੌਕੇ ਸ੍ਰੀ ਟਰੂਡੋ ਨੇ ਕਿਹਾ ਕਿ ਜੇਕਰ ਉਹ ਭਾਰਤ ਤੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਬਾਰੇ ਆ ਰਹੀਆਂ ਖ਼ਬਰਾਂ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਉਨ੍ਹਾਂ ਦੀ ਲਾਪ੍ਰਵਾਹੀ ਮੰਨੀ ਜਾਵੇਗੀ। ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ’ਤੇ ਇੱਕ ਵੀਡੀਓ ਪਾਉਂਦਿਆਂ ਲਿਖਿਆ,‘ਸਥਿਤੀ ਬਹੁਤ ਗੰਭੀਰ ਹੈ ਅਤੇ ਅਸੀਂ ਸਾਰੇ ਪਰਿਵਾਰਾਂ ਤੇ ਦੋਸਤਾਂ ਬਾਰੇ ਚਿੰਤਤ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਹਾਡੇ ’ਚੋਂ ਕਈਆਂ ਦੀ ਇਹੀ ਸਥਿਤੀ ਹੈ।’ ਉਨ੍ਹਾਂ ਕਿਹਾ ਕਿ ਉਹ ਦੁਵੱਲੀ ਗੱਲਬਾਤ ਦਾ ਮਹੱਤਵ ਸਮਝਦੇ ਹਨ ਅਤੇ ਇਸੇ ਕਾਰਨ ਉਨ੍ਹਾਂ ਵੱਖ-ਵੱਖ ਮਾਧਿਅਮਾਂ ਰਾਹੀਂ ਭਾਰਤ ਸਰਕਾਰ ਨਾਲ ਇਸ ਮਸਲੇ ਸਬੰਧੀ ਆਪਣੀ ਫ਼ਿਕਰਮੰਦੀ ਜ਼ਾਹਰ ਕੀਤੀ ਹੈ।
-ਪੀਟੀਆਈ
ਟਰੂਡੋ ਦਾ ਬਿਆਨ ਬੇਲੋੜਾ ਤੇ ਗੈਰ-ਸੁਆਗਤਯੋਗ: ਆਪ
ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਬਿਆਨ ’ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਰਾਘਵ ਚੱਢਾ ਨੇ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਦੂਜੇ ਮੁਲਕਾਂ ਦੇ ਚੁਣੇ ਹੋਏ ਮੁਖੀਆਂ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਕਿਸੇ ਵੀ ਕਿਸਮ ਦਾ ਦਖ਼ਲ ਜਾਂ ਟਿੱਪਣੀਆਂ ਬੇਲੋੜੀਆਂ ਅਤੇ ਗੈਰ-ਸੁਆਗਤਯੋਗ ਹਨ। ਸ੍ਰੀ ਚੱਢਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰੇ, ਜੋ ਕਿ ਭਾਰਤ ਦਾ ਅੰਦਰੂਨੀ ਮਾਮਲਾ ਹੈ।
-ਪੀਟੀਆਈ
ਟਰੂਡੋ ਦਾ ਬਿਆਨ ਗਲਤ ਸੂਚਨਾ ’ਤੇ ਆਧਾਰਿਤ ਤੇ ਬੇਲੋੜਾ: ਭਾਰਤ
ਨਵੀਂ ਦਿੱਲੀ: ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਅਤੇ ਹੋਰ ਆਗੂਆਂ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਬਾਰੇ ਦਿੱਤੇ ਬਿਆਨਾਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਨ੍ਹਾਂ ਬਿਆਨਾਂ ਨੂੰ ਗਲਤ ਸੂਚਨਾਵਾਂ ’ਤੇ ਆਧਾਰਿਤ ਅਤੇ ਬੇਲੋੜਾ ਕਰਾਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਕੈਨੇਡਿਆਈ ਆਗੂਆਂ ਵੱਲੋਂ ਭਾਰਤ ਦੇ ਕਿਸਾਨਾਂ ਬਾਰੇ ਦਿੱਤੀਆਂ ਗਲਤ ਸੂਚਨਾਵਾਂ ’ਤੇ ਆਧਾਰਿਤ ਟਿੱਪਣੀਆਂ ਸੁਣੀਆਂ ਹਨ। ਅਜਿਹੇ ਟਿੱਪਣੀਆਂ ਬੇਲੋੜੀਆਂ ਹਨ ਤੇ ਖ਼ਾਸ ਤੌਰ ’ਤੇ ਜਦੋਂ ਇਹ ਮਾਮਲਾ ਇੱਕ ਲੋਕਤੰਤਰੀ ਮੁਲਕ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਵੇ। ਇੱਕ ਸੰਖੇਪ ਸੁਨੇਹਾ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ ਇਹ ਗੱਲ ਵੀ ਸਹੀ ਹੈ ਕਿ ਕੂਟਨੀਤਿਕ ਗੱਲਬਾਤ ਨੂੰ ਰਾਜਸੀ ਉਦੇਸ਼ਾਂ ਲਈ ਗਲਤ ਢੰਗ ਨਾਲ ਪੇਸ਼ ਨਾ ਕੀਤਾ ਜਾਵੇ।
-ਪੀਟੀਆਈ