ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ/ਓਟਵਾ, 24 ਫਰਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਮਰਜੈਂਸੀ ਕਾਨੂੰਨ ਦੀ ਵਰਤੋਂ ਵਾਪਸ ਲੈਣ ਦਾ ਐਲਾਨ ਕੀਤਾ। ਟਰੱਕਾਂ ਵਾਲਿਆਂ ਨੂੰ ਮੂਹਰੇ ਲਗਾ ਕੇ ‘ਆਜ਼ਾਦੀ ਕਾਫਲੇ’ ਦੇ ਨਾਂ ਹੇਠ ਕੀਤੀ ਗਈ ਓਟਵਾ ਦੀ ਘੇਰਾਬੰਦੀ ਅਤੇ ਕੌਮਾਂਤਰੀ ਲਾਂਘਿਆਂ ਦੀਆਂ ਰੋਕਾਂ ਹਟਾਉਣ ਲਈ ਇਸ ਕਾਨੂੰਨ ਦੇ ਬਣਨ ਤੋਂ 32 ਸਾਲ ਬਾਅਦ ਸਰਕਾਰ ਨੇ ਪਹਿਲੀ ਵਾਰ 14 ਫਰਵਰੀ ਨੂੰ ਇਸ ਦੀ ਵਰਤੋਂ ਕੀਤੀ ਸੀ। ਲੰਘੇ ਸੋਮਵਾਰ ਇਸ ਨੂੰ ਸੰਸਦ ਨੇ ਪਾਸ ਕੀਤਾ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਹੁਣ ਸਥਿਤੀ ਕਾਬੂ ਹੇਠ ਹੈ ਅਤੇ ਆਮ ਕਾਨੂੰਨੀ ਵਿਵਸਥਾ ਲੋਕਾਂ ਦੀ ਸੁਰੱਖਿਆ ਦੇ ਸਮਰੱਥ ਹੋਣ ਕਾਰਨ ਐਮਰਜੈਂਸੀ ਦੀ ਲੋੜ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸੰਘੀ ਸਰਕਾਰ, ਸੂਬਾਈ ਪ੍ਰਸ਼ਾਸਨ ਦੀ ਹਰ ਲੋੜ ਮੌਕੇ ਉਨ੍ਹਾਂ ਨਾਲ ਖੜ੍ਹੇਗੀ।
‘ਆਜ਼ਾਦੀ ਕਾਫਲੇ’ ਨੇ ਓਟਵਾ ਵਿਚ ਸੰਸਦ ਭਵਨ ਖੇਤਰ ’ਚ ਟਰੱਕ-ਟਰਾਲੇ ਖੜ੍ਹੇ ਕਰ ਕੇ 27 ਜਨਵਰੀ ਤੋਂ ਸੜਕਾਂ ਜਾਮ ਕੀਤੀਆਂ ਹੋਈਆਂ ਸਨ ਅਤੇ ਹਾਰਨ ਵਜਾ ਕੇ ਵਿਰੋਧ ਦਰਜ ਕਰਵਾਇਆ ਜਾ ਰਿਹਾ ਸੀ।