ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਦੇ ਹਾਲਟਨ ਸ਼ਹਿਰ ਵਿਚਲੀ ਖੇਤਰੀ ਪੁਲੀਸ ਨੇ ਨਸ਼ਿਆਂ ਦੀ ਵੱਡੀ ਖੇਪ ਤੋਂ ਇਲਾਵਾ ਕੈਨੇਡੀਅਨ ਤੇ ਅਮਰੀਕਨ ਕਰੰਸੀ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਚਾਰ ਨਾਮਵਰ ਪੰਜਾਬੀ ਵਿਅਕਤੀ ਵੀ ਸ਼ਾਮਲ ਹਨ। ਫੜੀ ਗਈ 11 ਲੱਖ ਡਾਲਰ ਕਰੰਸੀ ਤੋਂ ਇਲਾਵਾ ਨਸ਼ਿਆਂ ਦੀ ਕੀਮਤ 16 ਕਰੋੜ ਰੁਪਏ (2.5 ਮਿਲੀਅਨ ਡਾਲਰ) ਦੱਸੀ ਗਈ ਹੈ। ਹਾਲਟਨ ਪੁਲੀਸ ਵੱਲੋਂ ਦੱਸਿਆ ਗਿਆ ਕਿ ਫੜੇ ਗਏ ਸਾਰੇ ਮੁਲਜ਼ਮ ਵੱਖ-ਵੱਖ ਧੰਦੇ ਕਰਨ ਵਾਲੇ ਗਰੁੱਪਾਂ ਦੇ ਮੈਂਬਰ ਹਨ ਤੇ ਸੱਤ ਮਹੀਨਿਆਂ ਤੋਂ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਫੜੇ ਗਏ ਇਨ੍ਹਾਂ ਮੁਲਜ਼ਮਾਂ ਦੇ ਤਾਰ ਸਮੁੰਦਰੀ ਰਸਤੇ ਡੈਲਟਾ ਪੋਰਟ ’ਤੇ ਆਈ ਅਤੇ ਪੁਲੀਸ ਵੱਲੋਂ ਪਿਛਲੇ ਹਫ਼ਤੇ ਫੜੀ ਗਈ ਇਕ ਟਨ ਅਫੀਮ ਦੇ ਮਾਮਲੇ ਨਾਲ ਜੁੜੀਆਂ ਹੋ ਸਕਦੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜਮੇਰ ਸਿੰਘ (44) ਤੇ ਪਰਮਿੰਦਰ ਗਰੇਵਾਲ (44) ਦੋਵੇਂ ਵਾਸੀ ਮਿਸੀਸਾਗਾ, ਸਵਰਾਜ ਸਿੰਘ (31) ਤੇ ਕਰਨ ਦੇਵ (32) ਦੋਵੇਂ ਵਾਸੀ ਕੈਲੇਡਨ ਸ਼ਹਿਰ ਵਜੋਂ ਦੱਸੀ ਗਈ ਹੈ। ਇਨ੍ਹਾਂ ’ਤੇ ਨਸ਼ਾ ਤਸਕਰੀ, ਮਾਰੂ ਹਥਿਆਰ ਰੱਖਣ, ਵਿਦੇਸ਼ ਤੋਂ ਨਸ਼ਾ ਤਸਕਰੀ ਅਤੇ ਹਵਾਲਾ ਧੰਦੇ ਸਣੇ ਕਈ ਹੋਰ ਦੋਸ਼ ਹਨ। ਬਾਕੀ ਤਿੰਨ ਮੁਲਜ਼ਮ,ਜੋ ਦੂਜੇ ਭਾਈਚਾਰਿਆਂ ਵਿੱਚੋਂ ਹਨ, ਵਿਰੁੱਧ ਗ਼ੈਰਕਨੂੰਨੀ ਵਸਤੂਆਂ ਆਪਣੇ ਕੋਲ ਰੱਖਣ ਦੇ ਮਾਮੂਲੀ ਦੋਸ਼ ਹਨ। ਪੁਲੀਸ ਇੰਸਪੈਕਟਰ ਕੋਸਟਾਟਿਨੀ ਅਨੁਸਾਰ ਮਾਮਲੇ ਨਾਲ ਸਬੰਧਤ ਕੁਝ ਗ੍ਰਿਫ਼ਤਾਰੀਆਂ ਅਜੇ ਬਾਕੀ ਹਨ, ਜਿਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਪੁਲੀਸ ਕੋਲ ਹਨ। ਉੱਧਰ ਅਮਰੀਕਨ ਸੂਬੇ ਕੈਲੀਫੋਰਨੀਆ ਦੀ ਪੁਲੀਸ ਨੇ ਵੀ ਨਸ਼ਾ ਤਸਕਰੀ ਦੇ ਦੋਸ਼ ’ਚ ਤਿੰਨ ਪੰਜਾਬੀਆਂ ਪਰਮਪ੍ਰੀਤ ਸਿੰਘ (55), ਰਣਵੀਰ ਸਿੰਘ (38) ਤੇ ਅਮਨਦੀਪ ਸਿੰਘ ਮੁਲਤਾਨੀ (32) ਨੂੰ ਗਿ੍ਰਫ਼ਤਾਰ ਕੀਤਾ ਹੈ।