ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 7 ਜਨਵਰੀ
ਪਿਛਲੇ ਮਹੀਨਿਆਂ ਦੌਰਾਨ ਵੱਡੇ ਘਰਾਂ ਤੋਂ ਫਿਰੌਤੀ ਮੰਗਣ, ਗੋਲੀਬਾਰੀ ਕਰਨ ਅਤੇ ਘਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਆਈ ਤੇਜ਼ੀ ਕਾਰਨ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਏ ਡਰ ਨੇ ਹਰ ਪੱਧਰ ਦੀਆਂ ਸਰਕਾਰਾਂ ਨੂੰ ਸੁਰੱਖਿਆ ਸਬੰਧੀ ਢੁੱਕਵੇਂ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਸਰਕਾਰੀ ਘੁਰਕੀ ਮਗਰੋਂ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲੱਗੀ ਹੈ। ਐਡਮੰਟਨ ਪੁਲੀਸ ਨੇ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ, ਜਿਸ ਮਗਰੋਂ ਉੱਥੇ ਫਿਰੌਤੀ ਲਈ ਕੋਈ ਫੋਨ ਕਾਲ ਨਹੀਂ ਆਈ। ਕੁਇਟਲਮ ਵਿੱਚ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਮਗਰੋਂ ਪੁਲੀਸ ਇੰਚਾਰਜ ਡੈਰਨ ਕਾਰ ਨੂੰ ਤੁਰੰਤ ਬਿਆਨ ਦੇਣਾ ਪਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਿਸੇ ਨੂੰ ਡਰਨ ਦੀ ਲੋੜ ਨਹੀਂ। ਵਾਰਦਾਤ ਦੇ ਕੁੱਝ ਹੀ ਘੰਟਿਆਂ ਮਗਰੋਂ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਗਈ। ਪੁਲੀਸ ਨੇ ਫਿਰੌਤੀ ਦੀਆਂ ਘਟਨਾਵਾਂ ਦੀ ਸੂਚਨਾ ਲਈ ਹੌਟਲਾਈਨ ਸ਼ੁਰੂ ਕੀਤੀ ਹੈ ਤਾਂ ਜੋ ਤੁਰੰਤ ਮੁਲਜ਼ਮਾਂ ਦੀ ਪੈੜ ਨੱਪੀ ਜਾ ਸਕੇ। ਟੋਰਾਂਟੋ ਪੁਲੀਸ ਦੇ ਇੱਕ ਅਫ਼ਸਰ ਨੇ ਪਛਾਣ ਜਨਤਕ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਵਾਰਦਾਤਾਂ ਵਿੱਚ ਵਾਧੇ ਕਾਰਨ ਜਿੱਥੇ ਉਹ ਖ਼ੁਦ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਉੱਥੇ ਉਨ੍ਹਾਂ ਨੂੰ ਸਰਕਾਰੀ ਘੁਰਕੀਆਂ ਵੀ ਸਹਿਣੀਆਂ ਪੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕੁੱਝ ਕਾਨੂੰਨੀ ਅੜਚਨਾਂ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੇ ਰਾਹ ’ਚ ਰੋੜਾ ਬਣਦੀਆਂ ਹਨ। ਪੰਜਾਬੀ ਪੁਲੀਸ ਅਧਿਕਾਰੀ ਨੇ ਇਹ ਮੰਨਿਆ ਕਿ ਵਿੱਦਿਅਕ ਵੀਜ਼ਿਆਂ ’ਤੇ ਆਏ ਪੰਜਾਬੀ ਨੌਜਵਾਨਾਂ ਵਿੱਚ ਜਲਦੀ ਅਮੀਰ ਹੋਣ ਦੀ ਚਾਹਤ ਉਨ੍ਹਾਂ ਨੂੰ ਜੁਰਮਾਂ ਵੱਲ ਖਿੱਚਦੀ ਹੈ, ਜਿਸ ਕਾਰਨ ਉਹ ਗੈਂਗਸਟਰਾਂ ਦੇ ਜਾਲ ਵਿਚ ਫਸ ਜਾਂਦੇ ਹਨ। ਉਸ ਨੇ ਦੱਸਿਆ ਕਿ ਮਸਨੂਈ ਚੌਕਸੀ (ਆਰਟੀਫੀਸ਼ੀਅਲ ਇੰਟੈਲੀਜੈਂਸੀ) ਮੁਲਜ਼ਮਾਂ ਦੇ ਫੜੇ ਜਾਣ ਵਿਚ ਬੜੀ ਸਹਾਈ ਹੋਣ ਲੱਗੀ ਹੈ।