ਟੋਰੰਟੋ, 1 ਮਈ
ਕਰੋਨਾ ਕਾਰਨ ਕੈਨੇਡਾ ਦੇ ਸਭ ਤੋਂ ਪ੍ਰਭਾਵਿਤ ਸੂਬੇ ਓਂਟਾਰੀਓ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਦੀ ਮੰਗ ਕੀਤੀ ਹੈ ਤੇ ਇਸ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਮੀ ਭਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਓਂਟਾਰੀਓ ਸਰਕਾਰ ਦੀ ਬੇਨਤੀ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਓਂਟਾਰੀਓ ਵਿੱਚ ਪੜ੍ਹਨ ਆਉਣ ਵਾਲੇ ਬਹੁਗਿਣਤੀ ਵਿਦਿਆਰਥੀ ਭਾਰਤ ਤੋਂ ਹਨ ਤੇ ਜੇ ਇਹ ਪਾਬੰਦੀ ਲੱਗ ਗਈ ਤਾਂ ਭਾਰਤੀ ਖਾਸ ਤੌਰ ’ਤੇ ਪੰਜਾਬੀ ਵਿਦਿਆਰਥੀਆਂ ਦਾ ਕਾਫੀ ਨੁਕਸਾਨ ਹੋਵੇਗਾ। ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਓਂਟਾਰੀਓ ਵਿੱਚ ਸਾਰੇ ਨਵੇਂ ਕੇਸਾਂ ਵਿੱਚੋਂ 94 ਪ੍ਰਤੀਸ਼ਤ ਵਾਇਰਸ ਦੇ ਨਵੇਂ ਰੂਪ ਹਨ,ਜੋ ਬਾਹਰੋਂ ਆ ਵਿਦਿਆਰਥੀਆਂ ਤੇ ਲੋਕਾਂ ਕਾਰਨ ਹਨ। ਇਸ ਲਈ ਉਹ ਸੰਘੀ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਉਣ ਉੱਤੇ ਰੋਕ ਲਗਾਉਣ ਦੀ ਅਪੀਲ ਕਰਦੇ ਹਨ।