ਓਟਾਵਾ/ਵਲਿੰਗਟਨ, 28 ਅਪਰੈਲ
ਭਾਰਤ ’ਚ ਕਰੋਨਾ ਮਹਾਮਾਰੀ ਦੀ ਬੇਕਾਬੂ ਦੂਜੀ ਲਹਿਰ ਨੂੰ ਦੇਖਦਿਆਂ ਕੈਨੇਡਾ ਅਤੇ ਨਿਊਜ਼ੀਲੈਂਡ ਨੇ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਮੁਲਕ ਵੱਲੋਂ ਭਾਰਤ ਨੂੰ ਕਰੋਨਾ ਖ਼ਿਲਾਫ਼ ਜੰਗ ਲਈ ਇਕ ਕਰੋੜ ਡਾਲਰ ਦੀ ਸਹਾਇਤਾ ਦਿੱਤੀ ਜਾਵੇਗੀ। ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਐੱਨ ਮਹੁਤਾ ਨੇ ਭਾਰਤ ਦੀ ਸਹਾਇਤਾ ਲਈ ਰੈੱਡਕ੍ਰਾਸ ਨੂੰ 10 ਲੱਖ ਨਿਊਜ਼ੀਲੈਂਡ ਡਾਲਰ (ਕਰੀਬ 7,20,365 ਅਮਰੀਕੀ ਡਾਲਰ) ਦੇਣ ਦਾ ਐਲਾਨ ਕੀਤਾ ਹੈ। ਟਰੂਡੋ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਗ ਗਾਰਨਿਊ ਨੇ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਗੱਲਬਾਤ ਕਰਕੇ ਸਹਾਇਤਾ ਬਾਰੇ ਪੁੱਛਿਆ ਸੀ। ਉਨ੍ਹਾਂ ਕਿਹਾ,‘‘ਅਸੀਂ ਕੈਨੇਡੀਅਨ ਰੈੱਡਕ੍ਰਾਸ ਰਾਹੀਂ ਭਾਰਤੀ ਰੈੱਡਕ੍ਰਾਸ ਨੂੰ ਇਕ ਕਰੋੜ ਡਾਲਰ ਦੇਣ ਲਈ ਤਿਆਰ ਹਾਂ। ਇਸ ਨਾਲ ਭਾਰਤ ਨੂੰ ਐਂਬੂਲੈਂਸ ਸੇਵਾਵਾਂ ਅਤੇ ਪੀਪੀਈ ਕਿੱਟ ਆਦਿ ਖ਼ਰੀਦਣ ਦੀ ਸੌਖ ਹੋਵੇਗੀ।’’ ਵਿਦੇਸ਼ ਮੰਤਰੀਆਂ ਵਿਚਕਾਰ ਹੋਈ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਨੂੰ ਔਖ ਦੀ ਘੜੀ ’ਚ ਕੈਨੇਡਾ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹੈ। ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈੱਡਕ੍ਰਾਸ ਵੱਲੋਂ ਭਾਰਤੀ ਰੈੱਡਕ੍ਰਾਸ ਸੁਸਾਇਟੀ ਨਾਲ ਮਿਲ ਕੇ ਪਹਿਲਾਂ ਹੀ ਆਕਸੀਜਨ ਸਿਲੰਡਰ, ਕੰਸਨਟਰੇਟਰ ਅਤੇ ਹੋਰ ਮੈਡੀਕਲ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ। -ਪੀਟੀਆਈ