ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 3 ਮਈ
ਅੰਤਰਰਾਸ਼ਟਰੀ ਯਾਤਰੀਆਂ ਦੀ ਸਹੂਲਤ ਲਈ ਕੈਨੇਡਾ ਸਰਕਾਰ ਵੱਲੋਂ ਵੈਕਸੀਨ ਪਾਸਪੋਰਟ ਦੀ ਵਰਤੋਂ ਲਈ ਤਿਆਰੀ ਕਰ ਲਈ ਗਈ ਹੈ ਤੇ ਹੋਰ ਦੇਸ਼ਾਂ ਨੂੰ ਇਸ ਵਿਚ ਸ਼ਾਮਲ ਕੀਤੇ ਜਾਣ ਦੇ ਯਤਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ਼ਾਰੇ ’ਤੇ ਇਸ ਸਹੂਲਤ ਦੀ ਵਰਤੋਂ ਬਾਰੇ ਲੋਕ ਸਰਵੇਖਣ ਕਰਵਾ ਲਿਆ ਗਿਆ ਹੈ, ਜਿਸ ਵਿਚ 78 ਫ਼ੀਸਦ ਲੋਕਾਂ ਨੇ ਹਾਮੀ ਭਰ ਦਿਤੀ ਹੈ। 56 ਫ਼ੀਸਦ ਵੱਲੋਂ ਤਾਂ ਇਸ ਨੂੰ ਜ਼ਰੂਰੀ ਤੇ ਤੁਰੰਤ ਲੋੜ ਵਜੋਂ ਕਿਹਾ ਗਿਆ ਹੈ। ਸਿਹਤ ਮੰਤਰੀ ਬੀਬੀ ਪੈਟੀ ਹਾਜਦੂ ਵੱਲੋਂ ਵੈਕਸੀਨ ਪਾਸਪੋਰਟ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਨਾਲ ਜਿਥੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਦਰਪੇਸ਼ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ, ਉਥੇ ਸੈਰ ਸਪਾਟਾ ਸਨਅਤ ਵਿਚ ਜਾਨ ਪਵੇਗੀ। ਸਰਵੇਖਣ ਵਿਚ 72 ਫ਼ੀਸਦ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਇੰਜ ਕੀਤੇ ਜਾਣ ਨਾਲ ਕੋਵਿਡ-19 ਦੇ ਖ਼ਤਰੇ ’ਤੇ ਵੀ ਕਾਬੂ ਪਾ ਸਕਣਾ ਸੌਖਾ ਹੋਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਵੈਕਸੀਨ ਪਾਸਪੋਰਟ ਨਾਲ ਫਰਜ਼ੀ ਸਬੂਤਾਂ ਦਾ ਰੁਝਾਨ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਬਾਹਰੋਂ ਆਉਣ ਵਾਲੇ ਯਾਤਰੀ ਦੀ ਸਿਹਤ ਬਾਰੇ ਕੀਤੇ ਜਾਂਦੇ ਸ਼ੱਕ ਨਹੀਂ ਰਹਿਣਗੇ। ਬੇਸ਼ੱਕ ਅਮਰੀਕਾ ਸਰਕਾਰ ਨੇ ਇਸ ਦੀ ਲੋੜ ਨੂੰ ਸਮਝ ਤਾਂ ਲਿਆ ਹੋਇਆ ਹੈ, ਪਰ ਕੁਝ ਝਿਜਕਾਂ ਬਾਰੇ ਹੋਰ ਚਰਚਾ ਕੀਤੀ ਜਾ ਰਹੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਉਹ ਜੀ-7 ਦੇਸ਼ਾਂ ਦੀ ਮੀਟਿੰਗ ਵਿਚ ਇਸ ਮਾਮਲੇ ਵਿਚ ਸਾਰਿਆਂ ਦੀ ਸਹਿਮਤੀ ਅਤੇ ਤੇਜ਼ੀ ਦੀ ਲੋੜ ’ਤੇ ਜ਼ੋਰ ਦੇਣਗੇ।