ਜਨੇਵਾ, 11 ਅਕਤੂਬਰ
ਸੰਯੁਕਤ ਰਾਸ਼ਟਰ ਦੇ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਨੇ ਅਮੀਰ ਮੁਲਕਾਂ ਤੇ ਵਿੱਤੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਵਧ ਰਹੇ ਕਰਜ਼ੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਗਰੀਬ ਮੁਲਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਅਤੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰਨ। ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ 20 ਮੁਲਕਾਂ ਦੇ ਗਰੁੱਪ ਦੀ ਮੀਟਿੰਗ ਦੇ ਮੱਦੇਨਜ਼ਰ ਯੂਐੱਨਡੀਪੀ ਨੇ ਇੱਕ ਰਿਪੋਰਟ ਅੱਜ ਜਾਰੀ ਕੀਤੀ ਹੈ। ਮੀਟਿੰਗ ਦੌਰਾਨ ਵਿਕਾਸਸ਼ੀਲ ਮੁਲਕਾਂ ’ਤੇ ਵਧ ਰਹੇ ਕਰਜ਼ ਸੰਕਟ ’ਤੇ ਵਿਚਾਰ ਕੀਤੇ ਜਾਣ ਦੀ ਉਮੀਦ ਹੈ ਕਿਉਂਕਿ ਇਸ ਸਾਲ ਵਿਆਜ਼ ਦਰਾਂ ’ਚ ਵਾਧਾ ਹੋਇਆ ਹੈ ਤੇ ਉਧਾਰ ਲੈਣ ਦੀ ਲਾਗਤ ਵਧ ਰਹੀ ਹੈ।
ਯੂਐੱਨਡੀਪੀ ਨੇ ਕਿਹਾ ਕਿ ਵਾਤਾਵਰਣ ਤਬਦੀਲੀ ਨੂੰ ਰੋਕਣ, ਵਿਕਾਸ ਪ੍ਰੋਗਰਾਮਾਂ ਤੇ ਗ਼ਰੀਬੀ ਘਟਾਉਣ ਦੀਆਂ ਕੋਸ਼ਿਸ਼ਾਂ ਸਾਹਮਣੇ ਸੰਕਟ ਖੜ੍ਹਾ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਕਾਰਨਾਂ ਕਰਕੇ ਹੀ ਵਿਕਾਸਸ਼ੀਲ ਮੁਲਕਾਂ ਦੇ ਲੋਕ ਅਮੀਰ ਮੁਲਕਾਂ ’ਚ ਪਰਵਾਸ ਕਰ ਰਹੇ ਹਨ। ਯੂਐੱਨਡੀਪੀ ਦੇ ਪ੍ਰਸ਼ਾਸਕ ਐਚਿਮ ਸਟਾਈਨਰ ਨੇ ਵਿਸ਼ਵ ਬੈਂਕ ਤੇ ਆਈਐੱਮਐੱਫ ਨਾਲ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਘੱਟ ਆਮਦਨ ਵਾਲੇ 60 ਫੀਸਦ ਦੇ ਕਰੀਬ ਮੁਲਕਾਂ ’ਤੇ ਕਰਜ਼ ਸੰਕਟ ’ਚ ਫਸਣ ਦਾ ਵੱਡਾ ਜੋਖਮ ਬਣਿਆ ਹੋਇਆ ਹੈ ਤੇ ਇਹ ਅੰਕੜੇ ਸਾਲ 2015 ਦੇ ਅੰਕੜਿਆਂ ਮੁਕਾਬਲੇ ਦੁੱਗਣੇ ਹਨ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਸ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਕਰਜ਼ ਸੰਕਟ ਕਾਰਨ ਸਥਿਰ ਵਿਕਾਸ ਦੇ ਰਾਹ ’ਚ ਕਿਸ ਤਰ੍ਹਾਂ ਦਾ ਜੋਖਮ ਹੈ।’ ਉਨ੍ਹਾਂ ਕਿਹਾ ਕਿ ਇਸ ਨਾਲ ਮੁਲਕਾਂ ਦੀ ਕੋਵਿਡ ਜਾਂ ਕੀਮਤਾਂ ਨਾਲ ਲੜਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। -ਏਪੀ