ਪੇਈਚਿੰਗ: ਚੀਨ ਦੇ ਗੁਇਜ਼ਾਊ ਪ੍ਰਾਂਤ ’ਚ ਹਾਈਵੇਅ ’ਤੇ ਅੱਜ ਬੱਸ ਪਲਟਣ ਕਾਰਨ 27 ਵਿਅਕਤੀ ਮਾਰੇ ਗਏ, ਜਦਕਿ 20 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਬੱਸ ’ਚ 47 ਵਿਅਕਤੀ ਸਵਾਰ ਸਨ ਅਤੇ ਹਾਦਸਾ ਸਾਂਡੂ ਸ਼ੂਈ ਖੁਦਮੁਖਤਿਆਰ ਕਾਊਂਟੀ ’ਚ ਵਾਪਰਿਆ। ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਬੱਸ ਸਿਹਤ ਮਹਿਕਮੇ ਨਾਲ ਸਬੰਧਤ ਸੀ ਤੇ ਪੀੜਤਾਂ ਨੂੰ ਕੋਵਿਡ ਕਾਰਨਾਂ ਕਰਕੇ ਦੂਜੀ ਥਾਂ ਲਿਜਾਇਆ ਜਾ ਰਿਹਾ ਸੀ। ਹਾਦਸੇ ਬਾਰੇ ਪੁਲੀਸ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਹੰਗਾਮੀ ਹਾਲਾਤ ਨਾਲ ਸਿੱਝਣ ਲਈ ਬਣੀਆਂ ਰਾਹਤ ਟੀਮਾਂ ਨੂੰ ਮੌਕੇ ’ਤੇ ਰਵਾਨਾ ਕੀਤਾ ਗਿਆ ਹੈ। ਗੁਇਜ਼ਾਊ ਪ੍ਰਾਂਤ ਵਿੱਚ ਲੰਘੇ ਦਿਨ 720 ਨਵੇਂ ਕੋਵਿਡ-19 ਕੇਸ ਰਿਪੋਰਟ ਹੋਏ ਸਨ। ਚੀਨ ’ਚ ਸੜਕ ਹਾਦਸੇ ਆਮ ਹਨ ਕਿਉਂਕਿ ਲੋਕ ਟਰੈਫਿਕ ਨਿਯਮਾਂ ਦੀ ਅਕਸਰ ਉਲੰਘਣਾ ਕਰਦੇ ਰਹਿੰਦੇ ਹਨ।