ਲਾਹੌਰ, 3 ਜਨਵਰੀ
ਮੁੱਖ ਅੰਸ਼
- ਜੇਆਈਟੀ ਨੇ ਕੀਤਾ ਖੁਲਾਸਾ
- ਹਮਲੇ ਵਿੱਚ ਤਿੰਨ ਹੋਰ ਸ਼ੂਟਰ ਸ਼ਾਮਲ
ਪਾਕਿਸਤਾਨ ਦੇ ਗੱਦੀਓਂ ਲਾਂਭੇ ਕੀਤੇ ਗਏ ਪ੍ਰਧਾਨ ਮੰਤਰੀ ਇਮਰਾਨ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਸਾਂਝੀ ਜਾਂਚ ਟੀਮ (ਜੇਆਈਟੀ) ਨੇ ਕਿਹਾ ਕਿ ਉਨ੍ਹਾਂ ‘ਤੇ ਚਾਰ ਪਾਸਿਆਂ ਤੋਂ ਫਾਇਰਿੰਗ ਕੀਤੀ ਗਈ ਸੀ ਅਤੇ ਫੜ੍ਹੇ ਗਏ ਸ਼ੱਕੀ ਤੋਂ ਇਲਾਵਾ ਹਮਲੇ ਵਿੱਚ ਤਿੰਨ ਹੋਰ ਸ਼ੂਟਰ ਸ਼ਾਮਲ ਸਨ। ਦੱਸਣਯੋਗ ਹੈ ਕਿ ਲੰਘੇ ਸਾਲ 3 ਨਵੰਬਰ ਨੂੰ ਵਜ਼ੀਰਬਾਦ ਵਿੱਚ ਮਾਰਚ ਦੌਰਾਨ ਦੋ ਹਥਿਆਰਬੰਦ ਹਮਲਾਵਰਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ‘ਤੇ ਗੋਲੀਆਂ ਚਲਾਈਆਂ ਸਨ। ਲੱਤ ‘ਤੇ ਗੋਲੀਆਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ ਸਨ। ਹਮਲੇ ਦੌਰਾਨ ਗੋਲੀਆਂ ਲੱਗਣ ਕਾਰਨ ਕੁੱਲ 13 ਜਣੇ ਜ਼ਖ਼ਮੀ ਹੋਏ ਸਨ।
‘ਡਾਅਨ’ ਅਖਬਾਰ ਨੇ ਜੇਆਈਟੀ ਦੇ ਇੱਕ ਮੈਂਬਰ ਦੇ ਹਵਾਲੇ ਨਾਲ ਖ਼ਬਰ ਵਿੱਚ ਕਿਹਾ, ”ਮੌਕੇ ਤੋਂ ਫੜ੍ਹੇ ਗਏ ਸ਼ੱਕੀ ਹਮਲਾਵਰ ਨਵੀਦ ਮੇਹਰ ਤੋਂ ਇਲਾਵਾ ਤਿੰਨ ਹੋਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।” ਸਾਂਝੀ ਟੀਮ ਨੇ ਪੀਟੀਆਈ ਦੀ ਰੈਲੀ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ‘ਕੁਝ ਕੁਤਾਹੀਆਂ’ ਵੱਲ ਵੀ ਇਸ਼ਾਰਾ ਕੀਤਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਅਤਾਉੱਲ੍ਹਾ ਤਰਾਰ ਨੇ ਹਮਲੇ ਦੇ ਸਬੰਧ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਵਰਕਰਾਂ ਮੁਦੱਸਰ ਅਤੇ ਅਹਿਸਾਨ ਦੀ ”ਗ਼ੈਰਕਾਨੂੰਨੀ ਹਿਰਾਸਤ” ਨੂੰ ਵੀ ਲਾਹੌਰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਅਦਾਲਤ ਦੇ ਬਾਹਰ ਤਰਾਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਆਈਟੀ ਵੱਲੋਂ ਪੀਐੱਮਐੱਲ-ਐੱਨ ਦੇ ਦੋ ਵਰਕਰਾਂ ਨੂੰ ਗ਼ੈਰਕਾਨੂੰਨੀ ਹਿਰਾਸਤ ‘ਚ ਲਿਆ ਗਿਆ ਹੈ। -ਪੀਟੀਆਈ
ਮੈਂ ਕਿਸੇ ਵੇਲੇ ‘ਪਲੇਅਬੁਆਇ’ ਸੀ: ਇਮਰਾਨ ਖ਼ਾਨ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਅੱਜ ਮੰਨਿਆ ਕਿ ਉਹ ‘ਕਿਸੇ ਵੇਲੇ ਪਲੇਅਬੁਆਏ’ ਸਨ। ਕਾਬਿਲੇਗੌਰ ਹੈ ਕਿ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਨੂੰ ‘ਪਲੇਅਬੁਆਇ’ ਕਿਹਾ ਸੀ। ਖ਼ਾਨ ਨੇ ਲਾਹੌਰ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ, ”ਜਨਰਲ ਬਾਜਵਾ ਨੇ ਮੈਨੂੰ ਪਲੇਅਬੁਆਇ ਕਿਹਾ ਸੀ, ਤੇ ਜਵਾਬ ਵਿੱਚ, ਮੈਂ ਉਨ੍ਹਾਂ ਨੂੰ ਆਖਿਆ ਸੀ ਕਿ ‘ਹਾਂ, ਮੈਂ ਕਦੇੇ ਪਲੇਅਬੁਆਇ ਸੀ।’ ਬਾਜਵਾ ਨੇ ਪਿੱਠ ਵਿਚ ਛੁਰਾ ਮਾਰਿਆ ਤੇ ਨਾਲੋ-ਨਾਲ ਹਮਦਰਦੀ ਵੀ ਵਿਖਾਈ।” ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਬਾਜਵਾ ਦੀ ਅਜੇ ਵੀ ਪਾਕਿਸਤਾਨੀ ਫੌਜ ਵਿੱਚ ਪੁੱਛ-ਪ੍ਰਤੀਤ ਹੈ। ਦਿ ਨਿਊਜ਼ ਇੰਟਰਨੈਸ਼ਨਲ ਮੁਤਾਬਕ ਖ਼ਾਨ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ”ਪਾਕਿਸਤਾਨ ਵਿੱਚ ਹਕੂਮਤ ਇਕ ਵਿਅਕਤੀ ਦਾ ਨਾਂ ਹੈ।” ਬਾਜਵਾ ਨਾਲ ਆਪਣੇ ਰਿਸ਼ਤਿਆਂ ਦੀ ਗੱਲ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਫ਼ੌਜ ਮੁਖੀ ਦੇਸ਼ ਵਿੱਚ ਜਵਾਬਦੇਹੀ ਦੇ ਖਿਲਾਫ਼ ਸੀ, ਜਿਸ ਕਰਕੇ ਉਨ੍ਹਾਂ ਦੇ ਰਿਸ਼ਤੇ ਵਿਗੜੇ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਮੀ ਅਸੈਂਬਲੀ ਵਿੱਚ ਵਾਪਸ ਜਾਣ ਦਾ ਕੋਈ ਫਾਇਦਾ ਨਹੀਂ ਹੈ। -ਏਐੱਨਆਈ