ਕਰਾਚੀ, 22 ਅਗਸਤ
ਸਰਹੱਦ ਦੇ ਦੋਵੇਂ ਪਾਸੇ ਆਪਣੀ ਸੁਰੀਲੀ ਆਵਾਜ਼ ਨਾਲ ਨਾਮਣਾ ਖੱਟਣ ਵਾਲੀ ‘ਬੁਲਬੁਲ-ਏ-ਪਾਕਿਸਤਾਨ’ ਨੈਯਰਾ ਨੂਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਥੋਂ ਦੇ ਫ਼ੇਜ਼-8 ਕਬਰਿਸਤਾਨ ’ਚ ਨੈਯਰਾ ਨੂੰ ਦਫ਼ਨਾਉਣ ਮੌਕੇ ਵੱਡੀ ਗਿਣਤੀ ’ਚ ਉਨ੍ਹਾਂ ਦੇ ਪ੍ਰਸ਼ੰਸਕ, ਫਿਲਮੀ ਹਸਤੀਆਂ, ਸਿਆਸਤਦਾਨ ਅਤੇ ਪੱਤਰਕਾਰ ਮੌਜੂਦ ਸਨ। ਭਾਰਤ ’ਚ ਜਨਮੀ ਨੂਰ ਨੇ ਕੈਂਸਰ ਨਾਲ ਲੰਬੀ ਲੜਾਈ ਲੜੀ ਅਤੇ ਐਤਵਾਰ ਨੂੰ 71 ਸਾਲ ਦੀ ਉਮਰ ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ’ਚ ਪਤੀ ਅਤੇ ਦੋ ਪੁੱਤਰ ਹਨ। ਪਤੀ ਸ਼ਹਰਯਾਰ ਜ਼ੈਦੀ ਨੇ ਮੀਡੀਆ ਨੂੰ ਦੱਸਿਆ ਕਿ ਨੂਰ ਪਿਛਲੇ ਡੇਢ ਸਾਲ ਤੋਂ ਕੈਂਸਰ ਦੀ ਆਖਰੀ ਸਟੇਜ ਨਾਲ ਜੂਝ ਰਹੀ ਸੀ। ‘ਨੈਯਰਾ ਦੀ ਮੌਤ ਪੂਰੇ ਮੁਲਕ ਲਈ ਵੱਡਾ ਨੁਕਸਾਨ ਹੈ ਪਰ ਮੇਰਾ ਇਸ ਤੋਂ ਕਿਤੇ ਜ਼ਿਆਦਾ ਹੈ।’ ਆਪਣੇ ਚਾਰ ਦਹਾਕਿਆਂ ਦੇ ਕਰੀਅਰ ਦੌਰਾਨ ਨੈਯਰਾ ਨੂਰ ਨੇ ਕਈ ਯਾਦਗਾਰੀ ਗੀਤ ਗਾਏ। ਉਨ੍ਹਾਂ ’ਚ ‘ਵੋਹ ਜੋ ਹਮ ਤੁਮ ਮੇਂ ਕਰਾਰ ਥਾ’, ‘ਕਭੀ ਹਮ ਭੀ ਖੂਬਸੂਰਤ ਥੇ’, ‘ਮੇਰੇ ਕਾਤਿਲ ਮੇਰੇ ਦਿਲਦਾਰ ਮੇਰੇ ਪਾਸ ਰਹੋ’ ਅਤੇ ‘ਵਤਨ ਕੀ ਮਿੱਟੀ ਗਵਾਹ ਰਹਿਨਾ’ ਆਦਿ ਗਜ਼ਲਾਂ ਤੇ ਗੀਤ ਸ਼ਾਮਲ ਹਨ। ਉਨ੍ਹਾਂ ਨੂੰ ਪਾਕਿਸਤਾਨ ਦੇ ਇਨਕਲਾਬੀ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਗਜ਼ਲਾਂ ਅਤੇ ਨਜ਼ਮਾਂ ਗਾਉਣ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਪ੍ਰਸਿੱਧ ਉਰਦੂ ਸ਼ਾਇਰ ਮਿਰਜ਼ਾ ਗਾਲਬਿ ਦੀਆਂ ਗਜ਼ਲਾਂ ਵੀ ਗਾਈਆਂ। ਉਨ੍ਹਾਂ ‘ਸ਼ਹਿਨਸ਼ਾਹ-ਏ-ਗਜ਼ਲ’ ਵਜੋਂ ਜਾਣੇ ਜਾਂਦੇ ਮਹਿਦੀ ਹਸਨ ਅਤੇ ਅਹਿਮਦ ਰਸ਼ਦੀ ਨਾਲ ਵੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕੀਤਾ ਸੀ। ਗਾਇਕ ਅਦਨਾਨ ਸਾਮੀ, ਸ਼ਾਹਜ਼ਾਦ ਰੌਇ, ਅਲੀ ਜ਼ਫ਼ਰ, ਸ਼ਫ਼ਕਤ ਅਮਾਨਤ ਅਲੀ, ਕੁਰਤੁਲੇਨ ਬਲੋਚ ਸਮੇਤ ਹੋਰਾਂ ਨੇ ਨੈਯਰਾ ਨੂਰ ਦੇ ਦੇਹਾਂਤ ’ਤੇ ਦੁੱਖ ਜਤਾਇਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ, ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਪੀਟੀਆਈ ਆਗੂ ਸ਼ਿਰੀਨ ਮਜ਼ਾਰੀ ਨੇ ਵੀ ਨੂਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਹੈ ਕਿ ਮੁਲਕ ਦੀ ‘ਬੁਲਬੁਲ’ ਦਾ ਸੰਗੀਤ ਲੋਕਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਸੀ। -ਪੀਟੀਆਈ