ਵਾਸ਼ਿੰਗਟਨ, 12 ਅਕਤੂਬਰ
ਉੱਚੀ ਮਹਿੰਗਾਈ ਦਰ ਤੇ ਵਿਕਾਸ ਦੀ ਰਫ਼ਤਾਰ ਮੱਠੀ ਪੈਣ ਵਰਗੀਆਂ ਚੁਣੌਤੀਆਂ ਵਿਚਾਲੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਭਾਰਤ ਦਾ ਅਗਲਾ ਬਜਟ ਬਹੁਤ ਹੀ ਧਿਆਨ ਨਾਲ ਕੁਝ ਇਸ ਤਰ੍ਹਾਂ ਦਾ ਬਣਾਉਣਾ ਪਵੇਗਾ ਜਿਸ ਨਾਲ ਦੇਸ਼ ਦੇ ਵਿਕਾਸ ਦੀ ਰਫ਼ਤਾਰ ਕਾਇਮ ਰਹੇ ਅਤੇ ਕੀਮਤਾਂ ਵੀ ਕਾਬੂ ਹੇਠ ਰਹਿਣ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ’ਚ ਭਾਰਤੀ ਅਰਥਚਾਰੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਊਰਜਾ ਦੀਆਂ ਉੱਚੀਆਂ ਕੀਮਤਾਂ ਹਨ।
ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ’ਚ ਹਿੱਸਾ ਲੈਣ ਵਾਸ਼ਿੰਗਟਨ ਡੀਸੀ ਆਏ ਵਿੱਤ ਮੰਤਰੀ ਨੇ ਇੱਥੇ ਬਰੁੱਕਿੰਗਜ਼ ਇੰਸਟੀਚਿਊਟ ਦੇ ਮਸ਼ਹੂਰ ਅਰਥਸ਼ਾਸਤਰੀ ਈਸ਼ਵਰ ਪ੍ਰਸਾਦ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਇਹ ਗੱਲ ਕਹੀ। ਸੀਤਾਰਾਮਨ ਨੇ ਕਿਹਾ, ‘ਅਗਲੇ ਬਜਟ ਬਾਰੇ ਕੁਝ ਵਿਸ਼ੇਸ਼ ਤੌਰ ’ਤੇ ਦਸ ਸਕਣਾ ਅਜੇ ਜਲਦਬਾਜ਼ੀ ਹੋਵੇਗੀ ਅਤੇ ਇਹ ਮੁਸ਼ਕਿਲ ਵੀ ਹੈ। ਪਰ ਮੋਟੇੇ ਤੌਰ ’ਤੇ ਕਹੀਏ ਤਾਂ ਵਿਕਾਸ ਦੀਆਂ ਤਰਜੀਹਾਂ ਸਭ ਤੋਂ ਉੱਪਰ ਹੋਣਗੀਆਂ। ਮਹਿੰਗਾਈ ਦਰ ਦੀਆਂ ਫਿਕਰਾਂ ਨਾਲ ਵੀ ਨਜਿੱਠਣਾ ਹੋਵੇਗਾ। ਪਰ ਫਿਰ ਸਵਾਲ ਉੱਠੇਗਾ ਕਿ ਤੁਸੀਂ ਵਿਕਾਸ ਦਰ ਕਿਸ ਤਰ੍ਹਾਂ ਕਾਇਮ ਰੱਖੋਗੇ।’ ਜ਼ਿਕਰਯੋਗ ਹੈ ਕਿ ਫਰਵਰੀ ’ਚ ਪੇਸ਼ ਕੀਤੇ ਜਾਣ ਵਾਲੇ ਬਜਟ ਲਈ ਤਿਆਰੀਆਂ ਦਸੰਬਰ ਤੋਂ ਸ਼ੁਰੂ ਹੋ ਜਾਂਦੀਆਂ ਹਨ। -ਪੀਟੀਆਈ
ਅਮਰੀਕੀ ਵਿੱਤ ਮੰਤਰੀ ਦਾ ਭਾਰਤ ਦੌਰਾ ਅਗਲੇ ਮਹੀਨੇ
ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰੀ ਜੈਨੇਟ ਯੈਲੇਨ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕੀ-ਭਾਰਤ ਆਰਥਿਕ ਅਤੇ ਵਿੱਤੀ ਭਾਈਵਾਲੀ ਦੀ 9ਵੀਂ ਮੀਟਿੰਗ ’ਚ ਹਾਜ਼ਰੀ ਲਗਵਾਉਣ ਲਈ ਅਗਲੇ ਮਹੀਨੇ ਭਾਰਤ ਦਾ ਦੌਰਾ ਕਰੇਗੀ। ਉਨ੍ਹਾਂ ਦੋਵੇਂ ਮੁਲਕਾਂ ਵਿਚਾਲੇ ਮਜ਼ਬੂਤ ਸਬੰਧਾਂ ਦੀ ਵਕਾਲਤ ਕੀਤੀ ਹੈ ਤਾਂ ਜੋ ਦੁਨੀਆ ਦੀਆਂ ਸਭ ਤੋਂ ਅਹਿਮ ਆਰਥਿਕ ਚੁਣੌਤੀਆਂ ਦਾ ਨਬਿੇੜਾ ਕੀਤਾ ਜਾ ਸਕੇ। ਯੈਲੇਨ ਨੇ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਉਨ੍ਹਾਂ ਆਪਣੀ ਭਾਰਤੀ ਹਮਰੁਤਬਾ ਨਿਰਮਲਾ ਸੀਤਾਰਾਮਨ ਨਾਲ ਇਥੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਆਰਥਿਕ ਹਿੱਤਾਂ ਲਈ ਮਹੱਤਵਪੂਰਨ ਹਨ।