ਲੰਡਨ, 6 ਜੁਲਾਈ
ਬਰਤਾਨੀਆ ਦੇ ਚੋਟੀ ਦੇ ਮੰਤਰੀਆਂ ਰਿਸ਼ੀ ਸੂਨਕ ਤੇ ਸਾਜਿਦ ਜਾਵੇਦ ਵੱਲੋਂ ਅਚਾਨਕ ਅਸਤੀਫ਼ੇ ਦੇਣ ਤੋਂ ਬਾਅਦ ਬੋਰਿਸ ਜੌਹਨਸਨ ਦੇ ਪ੍ਰਧਾਨ ਮੰਤਰੀ ਬਣੇ ਰਹਿਣ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਨਾਟਕੀ ਢੰਗ ਨਾਲ ਅਸਤੀਫ਼ੇ ਦਿੰਦਿਆਂ ਰਿਸ਼ੀ ਤੇ ਜਾਵੇਦ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਸੰਕਟ ਵਿਚ ਘਿਰੇ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕੋਈ ਭਰੋਸਾ ਨਹੀਂ ਰਿਹਾ ਤੇ ਉਹ ਘੁਟਾਲਿਆਂ ਵਿਚ ਘਿਰੀ ਸਰਕਾਰ ਲਈ ਕੰਮ ਨਹੀਂ ਕਰ ਸਕਦੇ। ਦੋਵਾਂ ਨੇ ਮੰਗਲਵਾਰ ਸ਼ਾਮ ਟਵਿੱਟਰ ਉਤੇ ਆਪਣੇ ਅਸਤੀਫ਼ੇ ਪੋਸਟ ਕਰ ਦਿੱਤੇ। ਬਰਤਾਨੀਆ ਦੇ ਵਿੱਤੀ ਸੇਵਾਵਾਂ ਬਾਰੇ ਮੰਤਰੀ ਜੌਹਨ ਗਲੈੱਨ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਮੰਤਰੀਆਂ ਦੇ ਅਸਤੀਫ਼ੇ ਨਾਲ ਜੌਹਨਸਨ ਨੂੰ ਵੱਡਾ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਕ੍ਰਿਸ ਪਿੰਚਰ ਦਾ ਮਾਮਲਾ ਨਜਿੱਠਣ ਬਾਰੇ ਵੀ ਜੌਹਨਸਨ ਸਰਕਾਰ ’ਤੇ ਗੰਭੀਰ ਦੋਸ਼ ਲੱਗੇ ਸਨ। ਭਾਰਤੀ ਮੂਲ ਦੇ 42 ਸਾਲਾ ਬਰਤਾਨਵੀ ਮੰਤਰੀ ਸੂਨਕ ਨੇ ਲਿਖਿਆ, ‘ਲੋਕ ਸਰਕਾਰ ਤੋਂ ਆਸ ਰੱਖਦੇ ਹਨ ਕਿ ਇਹ ਸਹੀ ਢੰਗ ਨਾਲ ਪੂਰੀ ਸਮਰੱਥਾ ਦਾ ਇਸਤੇਮਾਲ ਕਰਦਿਆਂ ਗੰਭੀਰਤਾ ਨਾਲ ਚੱਲੇ।’ ਸੂਨਕ ਨੇ ਕਿਹਾ, ‘ਮੈਂ ਮੰਨਦਾ ਹਾਂ ਕਿ ਇਹ ਮੰਤਰੀ ਵਜੋਂ ਮੇਰੀ ਆਖ਼ਰੀ ਨੌਕਰੀ ਹੋ ਸਕਦੀ ਹੈ, ਪਰ ਮੈਂ ਸਮਝਦਾ ਹਾਂ ਕਿ ਇਨ੍ਹਾਂ ਮਿਆਰਾਂ ਲਈ ਲੜਨਾ ਚੰਗਾ ਹੈ ਤੇ ਇਸੇ ਲਈ ਮੈਂ ਅਸਤੀਫ਼ਾ ਦੇ ਰਿਹਾ ਹਾਂ।’ ਜ਼ਿਕਰਯੋਗ ਹੈ ਕਿ ਜੌਹਨਸਨ ਨੇ ਪਿੰਚਰ ਨੂੰ ਉਪ ਮੁੱਖ ਵਿਪ੍ਹ ਨਿਯੁਕਤ ਕੀਤਾ ਸੀ ਤੇ ਉਸ ਖ਼ਿਲਾਫ਼ ਮਾੜੇ ਵਿਹਾਰ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਸੂਨਕ ਦੇ ਅਸਤੀਫ਼ੇ ਦਾ ਜਵਾਬ ਦਿੰਦਿਆਂ ਜੌਹਨਸਨ ਨੇ ਵਿੱਤ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੀ ਸ਼ਲਾਘਾ ਕੀਤੀ। ਸੂਨਕ ਦੀ ਥਾਂ ਹੁਣ ਨਦੀਮ ਜਹਾਵੀ ਨੂੰ ਵਿੱਤ ਮੰਤਰੀ ਲਾਇਆ ਗਿਆ ਹੈ। ਜਦਕਿ ਸਟੀਵ ਬਰਕਲੇ ਹੁਣ ਜਾਵੇਦ ਦੀ ਥਾਂ ਲੈਣਗੇ। ਦੱਸਣਯੋਗ ਹੈ ਕਿ ਜਾਵੇਦ ਸਿਹਤ ਮੰਤਰੀ ਸਨ। ਉਹ ਪਾਕਿਸਤਾਨੀ ਮੂਲ ਦੇ ਬਰਤਾਨਵੀ ਨਾਗਰਿਕ ਹਨ। ਜਾਵੇਦ (52) ਨੇ ਅਸਤੀਫ਼ੇ ਵਿਚ ਲਿਖਿਆ ਕਿ ਲੋਕ ਸਰਕਾਰ ਉਤੇ ਭਰੋਸਾ ਨਹੀਂ ਕਰ ਰਹੇ। -ਪੀਟੀਆਈ
ਕੁਝ ਜੂਨੀਅਰ ਆਗੂਆਂ ਵੱਲੋਂ ਵੀ ਅਸਤੀਫ਼ੇ
ਕੰਜ਼ਰਵੇਟਿਵ ਪਾਰਟੀ ਦੇ ਉਪ-ਚੇਅਰ ਬਿਮ ਐਫੋਲਾਮੀ, ਸਾਬਕਾ ਸਿਹਤ ਮੰਤਰੀ ਜਾਵੇਦ ਦੇ ਸੰਸਦੀ ਨਿੱਜੀ ਸਕੱਤਰ ਸਾਕਬਿ ਭੱਟੀ, ਨਾਰਦਰਨ ਆਇਰਲੈਂਡ ਦੇ ਮੰਤਰੀ ਬ੍ਰੈਂਡਨ ਲੂਈਸ ਦੇ ਨਿੱਜੀ ਸਕੱਤਰ ਜੋਨਾਥਨ ਗੁਲੀਸ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸੇ ਦੌਰਾਨ ਵਿਰੋਧੀ ਧਿਰ ਲੇਬਰ ਦੇ ਆਗੂ ਕੀਰ ਸਟਾਰਮਰ ਨੇ ਕਿਹਾ ਕਿ ਸਪੱਸ਼ਟ ਹੈ ਕਿ ਸਰਕਾਰ ਹੁਣ ‘ਡਿੱਗ ਰਹੀ ਹੈ’। ਉਨ੍ਹਾਂ ਕਿਹਾ ਕਿ ਕਈ ਘੁਟਾਲਿਆਂ ਤੇ ਨਾਕਾਮੀਆਂ ਤੋਂ ਬਾਅਦ ਹੁਣ ਸਪੱਸ਼ਟ ਹੈ ਕਿ ਇਹ ਸਰਕਾਰ ਡਿੱਗ ਰਹੀ ਹੈ।