ਲੰਡਨ, 30 ਅਪਰੈਲ
ਲੰਡਨ ’ਚ 24 ਸਾਲਾ ਵਿਅਕਤੀ ਨੂੰ ਆਪਣੀ 19 ਸਾਲਾ ਭਾਰਤੀ ਪਤਨੀ ਮਹਿਕ ਸ਼ਰਮਾ ਦੀ ਹੱਤਿਆ ਲਈ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਨੂੰ ਪੈਰੋਲ ਦੀ ਪਟੀਸ਼ਨ ਦਾਇਰ ਕਰਨ ਲਈ ਘੱਟ ਤੋਂ ਘੱਟ 15 ਸਾਲ ਜੇਲ੍ਹ ’ਚ ਕੱਟਣੇ ਪੈਣਗੇ। ਸਾਹਿਲ ਸ਼ਰਮਾ ਨੂੰ ਪਿਛਲੇ ਸਾਲ ਅਕਤੂਬਰ ’ਚ ਦੱਖਣੀ ਲੰਡਨ ਦੇ ਕ੍ਰਾਇਡਨ ’ਚ ਐਸ਼ ਟਰੀ ਵੇਅ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮਹਿਕ ਸ਼ਰਮਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਅਪਰਾਧ ਦੇ ਸ਼ੱਕ ਹੇਠ ਭਾਰਤੀ ਨਾਗਰਿਕ ਸਾਹਿਲ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੈਟਰੋਪੋਲਿਟਨ ਪੁਲੀਸ ਨੇ ਦੱਸਿਆ ਕਿ ਦੋਸ਼ੀ ਨੂੰ ਕਿੰਗਸਟਨ ਕਰਾਊਨ ਕੋਰਟ ਨੇ ਲੰਘੇ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ। ਪੁਲੀਸ ਅਨੁਸਾਰ ਕਿੰਗਸਟਨ ਕੋਰਟ ਨੇ ਸਾਹਿਲ ਨੂੰ ਫਰਵਰੀ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਪੁਲੀਸ ਦੀ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੀ ਡਿਟੈਕਟਿਵ ਇੰਸਪੈਕਟਰ ਲਾਰਾ ਸੈਂਪਲੇ ਨੇ ਦੱਸਿਆ, ‘ਇਹ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਹੈ ਜਿਸ ਨੇ ਇੱਕ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।’ ਉਨ੍ਹਾਂ ਦੱਸਿਆ, ‘ਮੈਂ ਜਾਣਦੀ ਹਾਂ ਕਿ ਕੋਈ ਵੀ ਚੀਜ਼ ਮਹਿਕ ਸ਼ਰਮਾ ਨੂੰ ਵਾਪਸ ਨਹੀਂ ਲਿਆ ਸਕਦੀ ਪਰ ਉਮੀਦ ਹੈ ਕਿ ਦੋਸ਼ੀ ਨੂੰ ਸਜ਼ਾ ਮਿਲਣ ਨਾਲ ਮਹਿਕ ਦੇ ਪਰਿਵਾਰਕ ਮੈਂਬਰਾਂ ਨੂੰ ਥੋੜ੍ਹੀ ਤਸੱਲੀ ਮਿਲੇਗੀ।’
ਜ਼ਿਕਰਯੋਗ ਹੈ ਕਿ ਸਾਹਿਲ ਸ਼ਰਮਾ ਨੇ 29 ਅਕਤੂਬਰ 2023 ਨੂੰ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਹੈ। -ਪੀਟੀਆਈ