ਲੰਡਨ: ਬਰਤਾਨੀਆ ਸਰਕਾਰ ਦੀ ਖੁਫੀਆ ਤੇ ਸੁਰੱਖਿਆ ਕਮੇਟੀ (ਆਈਐੱਸਸੀ) ਨੇ ਅੱਜ ਆਪਣੀ ਰਿਪੋਰਟ ’ਚ ਖੁਲਾਸਾ ਕੀਤਾ ਹੈ ਕਿ ਪੱਛਮੀ ਮੁਲਕਾਂ ’ਚੋਂ ਬਰਤਾਨੀਆ ਰੂਸ ਦੇ ਨਿਸ਼ਾਨੇ ’ਤੇ ਸਭ ਤੋਂ ਉੱਪਰ ਹੈ। ਰਿਪੋਰਟ ’ਚ ਬਰਤਾਨੀਆ ਸਰਕਾਰ ਦੀ ਇਸ ਗੱਲੋਂ ਆਲੋਚਨਾ ਕੀਤੀ ਗਈ ਹੈ ਕਿ ਉਸ ਨੇ 2016 ’ਚ ਬ੍ਰੈਗਜ਼ਿਟ ਰਾਏਸ਼ੁਮਾਰੀ ’ਚ ਰੂਸ ਦੇ ਦਖਲ ਦਾ ਜਵਾਬ ਦੇਣ ’ਚ ਸੁਸਤੀ ਦਿਖਾਈ ਸੀ ਤੇ ਕਿਸੇ ਨੇ ਇਸ ਲੋਕਤੰਤਰੀ ਪ੍ਰਕਿਰਿਆ ਦੀ ਰਾਖੀ ਲਈ ਕੁਝ ਨਹੀਂ ਕੀਤਾ। ਸੰਸਦ ’ਚ ਪੇਸ਼ ਕੀਤੀ ਰਿਪੋਰਟ ’ਚ ਆਈਐੱਸਸੀ ਨੇ ਕਿਹਾ ਕਿ ਰੂਸ ’ਤੇ ਲਾਏ ਗਏ ਦੋਸ਼ਾਂ ਨੂੰ ਬੇਸ਼ੱਕ ਸਾਬਤ ਕਰਨਾ ਮੁਸ਼ਕਲ ਹੈ ਪਰ ਇਹ ਸਪੱਸ਼ਟ ਹੈ ਕਿ 2014 ’ਚ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ’ਚ ਰੂਸ ਦੇ ਪ੍ਰਭਾਵ ਸਬੰਧੀ ਸਬੂਤ ਸਾਹਮਣੇ ਆਉਣ ਮਗਰੋਂ ਵੀ ਬਰਤਾਨਵੀ ਸਰਕਾਰ ਨੇ ਰੂਸ ਦੇ ਬ੍ਰੈਗਜ਼ਿਟ ਦੀ ਪ੍ਰਕਿਰਿਆ ’ਚ ਦਖਲ ਦੇਣ ਦੇ ਮਾਮਲੇ ’ਚ ਕਾਰਵਾਈ ਨਹੀਂ ਕੀਤੀ।‘ਇਸ ਦਾ ਨਤੀਜਾ ਇਹ ਹੋਇਆ ਕਿ ਸਰਕਾਰ ਨੇ 2016 ’ਚ ਰੂਸ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕਿਆ ਤੇ ਰੂਸ ਦੇ ਦਖਲ ਨੂੰ ਅਣਗੌਲਿਆਂ ਕੀਤਾ।’ –ਏਪੀ