ਲੰਡਨ: ਬ੍ਰਿਟਿਸ਼ ਸਰਕਾਰ ਨੇ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਚਾਰ ਹੋਰ ਮੁਲਕਾਂ ਦੇ ਲੋਕਾਂ ਦੀ ਯਾਤਰਾ ’ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਮੁਲਕਾਂ ’ਚ ਬੰਗਲਾਦੇਸ਼, ਕੀਨੀਆ, ਪਾਕਿਸਤਾਨ ਅਤੇ ਫਿਲਪੀਨਜ਼ ਸ਼ਾਮਲ ਹਨ। ਟਰਾਂਸਪੋਰਟ ਵਿਭਾਗ ਨੇ ਕਿਹਾ ਹੈ ਕਿ ਨਵੀਆਂ ਪਾਬੰਦੀਆਂ 9 ਅਪਰੈਲ ਤੋਂ ਲਾਗੂ ਹੋਣਗੀਆਂ। ਪਾਬੰਦੀਆਂ ਤਹਿਤ ਇਨ੍ਹਾਂ ਮੁਲਕਾਂ ਦੇ ਲੋਕਾਂ ਜਾਂ ਉਥੋਂ ਦਾ ਸਫ਼ਰ ਕਰਨ ਵਾਲਿਆਂ ਨੂੰ ਇੰਗਲੈਂਡ ’ਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਬ੍ਰਿਟਿਸ਼ ਅਤੇ ਆਇਰਿਸ਼ ਨਾਗਰਿਕਾਂ ਨੂੰ ਮੁਲਕ ਪਰਤਣ ’ਤੇ 10 ਦਿਨਾਂ ਲਈ ਆਪਣੇ ਖ਼ਰਚੇ ’ਤੇ ਸਰਕਾਰ ਵੱਲੋਂ ਪ੍ਰਵਾਨਿਤ ਹੋਟਲ ’ਚ ਇਕਾਂਤਵਾਸ ’ਚ ਰਹਿਣਾ ਪਵੇਗਾ। ਬ੍ਰਿਟਿਸ਼ ਸਰਕਾਰ ਵੱਲੋਂ ਹੁਣ ਤੱਕ 39 ਮੁਲਕਾਂ ਨੂੰ ‘ਲਾਲ ਸੂਚੀ’ ਰੱਖਿਆ ਗਿਆ ਹੈ। ਇਨ੍ਹਾਂ ’ਚ ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਵੀ ਸ਼ਾਮਲ ਹਨ ਜਿਥੇ ਕਰੋਨਾਵਾਇਰਸ ਦੇ ਦੋ ਨਵੇਂ ਰੂਪਾਂ ਦੀ ਪਛਾਣ ਹੋਈ ਹੈ। -ਏਪੀ